ਬਠਿੰਡਾ :- ਬਠਿੰਡਾ ਦੇ ਬੀੜ ਤਲਾਬ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਛਿੰਦਰ ਪਾਲ ਸਿੰਘ ਨਾਲ ਝਗੜਾ ਹੋ ਗਿਆ। ਪਰਿਵਾਰਕ ਦਾਅਵੇ ਮੁਤਾਬਕ ਕੁਝ ਲੋਕ ਘਰ ਵਿੱਚ ਵੜੇ, ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਛਿੰਦਰ ਪਾਲ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ।
ਪੁਲਿਸ ਨੇ ਉਲਟਾ ਕੀਤਾ ਪਰਚਾ
ਪਰਿਵਾਰ ਦੇ ਅਨੁਸਾਰ ਹਾਲਾਤਾਂ ਦੇ ਬਾਵਜੂਦ ਪੁਲਿਸ ਨੇ ਉਲਟਾ ਛਿੰਦਰ ਪਾਲ ਸਿੰਘ ਦੇ ਹੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਅਤੇ ਉਸ ਨੂੰ ਜੇਲ ਭੇਜ ਦਿੱਤਾ। ਜੇਲ ਵਿੱਚ ਉਸ ਦੀ ਅਚਾਨਕ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਵਿੱਚ ਰੋਸ ਪੈਦਾ ਹੋ ਗਿਆ ਹੈ।
ਪਰਿਵਾਰ ਦਾ ਗੰਭੀਰ ਇਲਜ਼ਾਮ
ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਨਿਆਂ ਨਹੀਂ ਕੀਤਾ। ਉਸਦਾ ਕਹਿਣਾ ਹੈ ਕਿ ਗਵਾਂਢੀਆਂ ਨਾਲ ਪੈਸਿਆਂ ਨੂੰ ਲੈ ਕੇ ਤਣਾਅ ਸੀ। ਝਗੜੇ ਦੌਰਾਨ ਉਸਦੇ ਪਤੀ ਦੀ ਕੁੱਟਮਾਰ ਹੋਈ ਅਤੇ ਉਸ ਨੂੰ ਬੰਧਕ ਬਣਾਇਆ ਗਿਆ, ਪਰ ਪੁਲਿਸ ਨੇ ਸੱਚਾਈ ਨੂੰ ਨਜ਼ਰਅੰਦਾਜ਼ ਕਰਦਿਆਂ ਉਲਟਾ ਉਸਦੇ ਪਤੀ ਤੇ ਹੀ ਮਾਮਲਾ ਦਰਜ ਕਰ ਦਿੱਤਾ।
ਘਰ ਦੇ ਫੁਟੇਜ ਵੀ ਪੇਸ਼
ਪਰਿਵਾਰ ਵੱਲੋਂ ਕੁਝ ਵੀਡੀਓ ਫੁਟੇਜ ਵੀ ਸਾਹਮਣੇ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਘਰ ਦੇ ਅੰਦਰ ਖਿਲਰਿਆ ਪਿਆ ਸਮਾਨ ਇਹ ਦਰਸਾਉਂਦਾ ਹੈ ਕਿ ਝੜਪ ਹੋਈ ਸੀ। ਪਰਿਵਾਰ ਕਹਿੰਦਾ ਹੈ ਕਿ ਇਹ ਸਬੂਤ ਵੀ ਨਜ਼ਰਅੰਦਾਜ਼ ਕੀਤੇ ਗਏ।
ਜੁਡੀਸ਼ੀਅਲ ਇਨਕੁਆਇਰੀ ਸ਼ੁਰੂ
ਛਿੰਦਰ ਪਾਲ ਦੀ ਮੌਤ ਤੋਂ ਬਾਅਦ ਜੁਡੀਸ਼ੀਅਲ ਇਨਕੁਆਇਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਵੀ ਹੋ ਚੁੱਕਾ ਹੈ।
ਪੁਲਿਸ ਦਾ ਕਹਿਣਾ
ਇਸ ਮਾਮਲੇ ‘ਚ ਬਠਿੰਡਾ ਦੇ ਐਸਪੀ (ਡੀ) ਜਸਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੁਡੀਸ਼ੀਅਲ ਇਨਕੁਆਇਰੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਸਾਰੀ ਹਕੀਕਤ ਸਾਹਮਣੇ ਆ ਜਾਵੇਗੀ।