ਜਲੰਧਰ :- ਪੰਜਾਬ ਦੇ ਕਈ ਹਿੱਸੇ ਇਸ ਸਮੇਂ ਹੜ੍ਹਾਂ ਦੀ ਭਾਰੀ ਮਾਰ ਸਹਿ ਰਹੇ ਹਨ। ਇਸ ਸੰਕਟਮਈ ਘੜੀ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਰਾਹਤ ਕਾਰਜਾਂ ਵਿੱਚ ਅੱਗੇ ਆ ਰਹੀਆਂ ਹਨ, ਉੱਥੇ ਹੀ ਰਾਧਾ ਸੁਆਮੀ ਡੇਰਾ ਬਿਆਸ ਵੀ ਬੜੇ ਪੱਧਰ ‘ਤੇ ਸੇਵਾ ਵਿੱਚ ਜੁਟਿਆ ਹੋਇਆ ਹੈ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖ਼ੁਦ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ।
ਜਲੰਧਰ ਵਿਖੇ ਸਤਿਸੰਗ ਭਵਨ ‘ਚ ਹਜ਼ਾਰਾਂ ਸ਼ਰਧਾਲੂ ਇਕੱਠੇ
ਅੱਜ ਉਹ ਜਲੰਧਰ ਦੇ ਕੁਕੜ ਪਿੰਡ ਨੇੜੇ ਰਹਿਮਾਨਪੁਰ ਸਥਿਤ ਸਤਿਸੰਗ ਭਵਨ-3 ਪਹੁੰਚੇ, ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਪੈਕ ਕੀਤੀ ਜਾ ਰਹੀ ਸੀ। ਇਸ ਮੌਕੇ ਉਨ੍ਹਾਂ ਨੇ ਹਜ਼ਾਰਾਂ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਅਤੇ ਸੇਵਾ ਕਾਰਜਾਂ ਦਾ ਨਿਰੀਖਣ ਕੀਤਾ। ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਮੰਗ ਬਾਰੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ।
ਪੈਰੋਕਾਰਾਂ ਨੂੰ ਸੇਵਾ ਲਈ ਅੱਗੇ ਆਉਣ ਦੀ ਅਪੀਲ
ਇਸ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਆਸਰਾ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਓ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਤੋਂ ਨਿਪਟਣ ਲਈ ਸਮੂਹਿਕ ਯਤਨ ਬਹੁਤ ਜ਼ਰੂਰੀ ਹਨ।
ਸਵੇਰੇ ਤੋਂ ਹੀ ਸੰਗਤ ਇਕੱਠੀ, ਪੁਲਿਸ ਵੱਲੋਂ ਸਖ਼ਤ ਪ੍ਰਬੰਧ
ਜਦੋਂ ਸ਼ਰਧਾਲੂਆਂ ਨੂੰ ਪਤਾ ਲੱਗਾ ਕਿ ਡੇਰਾ ਮੁਖੀ ਖ਼ੁਦ ਜਲੰਧਰ ਪਹੁੰਚਣ ਵਾਲੇ ਹਨ, ਤਾਂ ਸਵੇਰੇ 5 ਵਜੇ ਤੋਂ ਹੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਸੇਵਾਦਾਰਾਂ ਵੱਲੋਂ ਟ੍ਰੈਫਿਕ ਅਤੇ ਅੰਦਰੂਨੀ ਪ੍ਰਬੰਧ ਸੰਭਾਲੇ ਗਏ, ਜਦਕਿ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਆਵਾਜਾਈ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਮੋੜਿਆ ਗਿਆ।
ਸ਼ਾਹਕੋਟ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ
ਜਲੰਧਰ ਵਿਖੇ ਦਰਸ਼ਨ ਦੇਣ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਖ਼ੁਦ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵੱਲ ਰਵਾਨਾ ਹੋ ਗਏ, ਜਿੱਥੇ ਉਹ ਹਾਲਾਤ ਦਾ ਜਾਇਜ਼ਾ ਲੈਣਗੇ। ਜਿਹੜੀਆਂ ਵੀ ਜ਼ਰੂਰੀ ਚੀਜ਼ਾਂ ਦੀ ਲੋੜ ਹੋਵੇਗੀ, ਉਹ ਉਨ੍ਹਾਂ ਵੱਲੋਂ ਤੁਰੰਤ ਉਪਲਬਧ ਕਰਵਾਈਆਂ ਜਾਣਗੀਆਂ।
ਪਿਛਲੇ ਸਤਿਸੰਗ ਵਿੱਚ ਵੀ ਕੀਤੀ ਸੀ ਅਪੀਲ
ਯਾਦ ਰਹੇ ਕਿ ਪਿਛਲੇ ਐਤਵਾਰ ਡੇਰਾ ਬਿਆਸ ਵਿੱਚ ਹੋਏ ਸਤਿਸੰਗ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਦੇ ਲੋਕ ਵੱਡੀ ਮੁਸ਼ਕਲ ‘ਚ ਹਨ ਅਤੇ ਇਸ ਸਮੇਂ ਸਾਰਿਆਂ ਨੂੰ ਮਿਲ ਕੇ ਨਿਰਸਵਾਰਥ ਸੇਵਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਸੀ ਕਿ ਜਿੱਥੇ ਵੀ ਸੇਵਾ ਦੀ ਲੋੜ ਮਹਿਸੂਸ ਹੋਵੇ, ਉੱਥੇ ਬਿਨਾਂ ਕਿਸੇ ਹਿਚਕਚਾਹਟ ਦੇ ਪਹੁੰਚੋ ਅਤੇ ਮਨੁੱਖਤਾ ਲਈ ਯੋਗਦਾਨ ਪਾਓ।