18 ਤੋਂ 20 ਨਵੰਬਰ ਵਿਚਾਲੇ ਹੋਈਆਂ ਮੌਤਾਂ
ਪੁਲਸ ਦੇ ਮੁੱਢਲੇ ਬਿਆਨ ਅਨੁਸਾਰ ਮ੍ਰਿਤਕਾਂ ਵਿੱਚੋਂ ਅੱਠ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਿੱਚ ਕਿਸ਼ਨ ਹਰਾਂਗਬੁੰਗ ਅਨਾਲ (32), ਹਰਾਂਗਬੁੰਗ ਬੇਰੁੰਗ ਅਨਾਲ (50), ਹਰਾਂਗਬੁੰਗ ਮੋਹਰਿੰਗ ਅਨਾਲ (46), ਆਰ.ਡੀ. ਅੰਗਨਾਹਿਰਿੰਗ ਅਨਾਲ (37), ਕੇ.ਆਈ. ਰਾਮਤਿਆਂਗ ਅਨਾਲ (44), ਐੱਨ.ਐੱਲ. ਮੋਥਾਹਰਿੰਗ ਅਨਾਲ, ਟੀ.ਐੱਸ. ਆਸ਼ਿੰਗ ਅਤੇ ਟੀ.ਐੱਸ. ਲਵਲੀ ਦੇ ਨਾਮ ਸ਼ਾਮਲ ਹਨ।
ਪੁਲਸ ਮੁਤਾਬਕ ਕੁਝ ਲੋਕਾਂ ਦੀ ਮੌਤ ਘਰਾਂ ਵਿੱਚ ਹੀ ਹੋ ਗਈ, ਜਦਕਿ ਕਈਆਂ ਨੇ ਹਸਪਤਾਲ ਲਿਜਾਂਦੇ ਸਮੇਂ ਜਾਂ ਚਕਪਿਕਾਰੋਂਗ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਕਾਕਚਿੰਗ ਜ਼ਿਲ੍ਹੇ ਦੇ ਸੁਗਨੂ ਤੋਂ ਲਿਆਂਦੀ ਗਈ ਸੀ ਸ਼ਰਾਬ
ਪੁਲਸ ਨੇ ਜਾਂਚ ਦੌਰਾਨ ਸਪੱਸ਼ਟ ਕੀਤਾ ਹੈ ਕਿ ਮ੍ਰਿਤਕਾਂ ਵੱਲੋਂ ਕਥਿਤ ਤੌਰ ’ਤੇ ਪੀਤੀ ਗਈ ਸ਼ਰਾਬ ਕਾਕਚਿੰਗ ਜ਼ਿਲ੍ਹੇ ਦੇ ਸੁਗਨੂ ਇਲਾਕੇ ਤੋਂ ਲਿਆਂਦੀ ਗਈ ਸੀ। ਪੁਲਸ ਅਨੁਸਾਰ ਇਸ ਸ਼ਰਾਬ ਦਾ ਨਿਰਮਾਣ ਚੰਦੇਲ ਜ਼ਿਲ੍ਹੇ ਵਿੱਚ ਨਹੀਂ ਹੋਇਆ ਸੀ। ਸਾਹਮਣੇ ਆਏ ਮੌਤਾਂ ਦੇ ਮਾਮਲਿਆਂ ਵਿੱਚੋਂ ਪੰਜ ਸੁਗਨੂ ਪੁਲਸ ਥਾਣੇ ਦੇ ਅਧਿਕਾਰ ਖੇਤਰ ਨਾਲ ਸਬੰਧਤ ਹਨ।
ਪੁਲਸ ਨੇ ਲੋਕਾਂ ਅਤੇ ਮੀਡੀਆ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਟਨਾ ਬਾਰੇ ਬਿਨਾਂ ਪੁਸ਼ਟੀ ਤੋਂ ਕੋਈ ਜਾਣਕਾਰੀ ਨਾ ਫੈਲਾਉਣ। ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ੱਕੀ ਸ਼ਰਾਬ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ
ਚੰਦੇਲ ਦੇ ਡਿਪਟੀ ਕਮਿਸ਼ਨਰ ਵੱਲੋਂ ਵੀਰਵਾਰ ਨੂੰ ਜਨਤਕ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਮੌਤਾਂ ਦੇ ਕਾਰਨਾਂ ਦੀ ਪੁਸ਼ਟੀ ਲਈ ਡਾਕਟਰੀ ਅਤੇ ਵਿਗਿਆਨਕ ਜਾਂਚ ਜਾਰੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਥਾਨਕ ਪੱਧਰ ’ਤੇ ਤਿਆਰ ਕੀਤੀ ਗਈ ਸ਼ਰਾਬ ਅਤੇ ਸ਼ੱਕੀ ਸਰੋਤਾਂ ਤੋਂ ਖਰੀਦੇ ਗਏ ਨਸ਼ੀਲੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਹੈ।
ਐਡਵਾਈਜ਼ਰੀ ਅਨੁਸਾਰ ਸ਼ਰਾਬ ਪੀਣ ਤੋਂ ਬਾਅਦ ਉਲਟੀਆਂ, ਪੇਟ ਦਰਦ, ਸਿਰ ਦਰਦ, ਚੱਕਰ ਆਉਣੇ, ਧੁੰਦਲਾ ਦਿਖਾਈ ਦੇਣਾ ਜਾਂ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਸਾਹਮਣੇ ਆਉਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਹਾਲ ਜਾਣਿਆ
ਮਣੀਪੁਰ ਦੇ ਮੁੱਖ ਮੰਤਰੀ ਯੁਮਨਾਮ ਖੇਮਚੰਦ ਸਿੰਘ ਨੇ ਵੀਰਵਾਰ ਨੂੰ ਇੰਫਾਲ ਦੇ ਸ਼ਿਜਾ ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਅਤੇ ਬਬੀਨਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਦਾਖ਼ਲ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਡਾਕਟਰਾਂ ਨਾਲ ਇਲਾਜ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ।
ਮੁੱਖ ਮੰਤਰੀ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਚੰਦੇਲ ਜ਼ਿਲ੍ਹੇ ਵਿੱਚ ਮਾਹਿਰ ਡਾਕਟਰਾਂ ਅਤੇ ਲੋੜੀਂਦੀਆਂ ਦਵਾਈਆਂ ਸਮੇਤ ਮੈਡੀਕਲ ਟੀਮ ਵੀ ਭੇਜੀ ਗਈ ਹੈ।
ਸ਼ਰਾਬ ਦੀ ਵਿਕਰੀ ਜਾਂ ਵੰਡ ਬਾਰੇ ਜਾਣਕਾਰੀ ਦੇਣ ਦੀ ਅਪੀਲ
ਪ੍ਰਸ਼ਾਸਨ ਵੱਲੋਂ ਪੁਲਸ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਮਰੀਜ਼ਾਂ ਦੇ ਇਲਾਜ ਅਤੇ ਘਟਨਾ ਦੀ ਜਾਂਚ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਸ਼ਰਾਬ ਦੀ ਵਿਕਰੀ ਜਾਂ ਵੰਡ ਬਾਰੇ ਜਾਣਕਾਰੀ ਆਪਣੇ ਨੇੜਲੇ ਪੁਲਸ ਥਾਣੇ ਨੂੰ ਦੇਣ।