ਉਤਰਾਖੰਡ :- ਉਤਰਾਖੰਡ ਸਰਕਾਰ ਨੇ ਦਿਵਿਆਂਗ ਲੋਕਾਂ ਦੇ ਹੱਕ ਵਿੱਚ ਇੱਕ ਵੱਡਾ ਫ਼ੈਸਲਾ ਲਿਆ ਹੈ। ਹੁਣ ਜੇਕਰ ਕੋਈ ਮਰਦ ਜਾਂ ਔਰਤ ਕਿਸੇ ਦਿਵਿਆਂਗ ਸ਼ਖ਼ਸ ਨਾਲ ਵਿਆਹ ਕਰਦਾ ਹੈ, ਤਾਂ ਉਨ੍ਹਾਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪਹਿਲਾਂ ਇਹ ਰਕਮ 25,000 ਰੁਪਏ ਸੀ, ਜਿਸਨੂੰ ਦੋਗੁਣਾ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਅਪਾਹਜਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਦੇਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ।
ਦਿਵਿਆਂਗ ਵਿਦਿਆਰਥੀਆਂ ਲਈ ਵੀ ਸਕਾਲਰਸ਼ਿਪ ਵਿੱਚ ਵੱਡਾ ਬਦਲਾਵ
ਸਰਕਾਰ ਨੇ ਸਿਰਫ਼ ਵਿਆਹ ਲਈ ਪ੍ਰੋਤਸਾਹਨ ਰਕਮ ਹੀ ਨਹੀਂ ਵਧਾਈ, ਸਗੋਂ ਦਿਵਿਆਂਗ ਵਿਦਿਆਰਥੀਆਂ ਲਈ ਵੀ ਖਾਸ ਕਦਮ ਚੁੱਕਿਆ ਹੈ। ਹੁਣ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਲਈ ਆਮਦਨ ਸੀਮਾ ਦੀ ਸ਼ਰਤ ਹਟਾ ਦਿੱਤੀ ਗਈ ਹੈ। ਇਸਦਾ ਮਤਲਬ ਹੈ ਕਿ ਹੁਣ ਕਿਸੇ ਵੀ ਆਮਦਨ ਵਰਗ ਦੇ ਦਿਵਿਆਂਗ ਵਿਦਿਆਰਥੀ ਇਹ ਲਾਭ ਲੈ ਸਕਣਗੇ, ਤਾਂ ਜੋ ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ।
ਯੋਜਨਾ ਦਾ ਲਾਭ ਕੌਣ ਲੈ ਸਕੇਗਾ?
ਸਮਾਜ ਭਲਾਈ ਵਿਭਾਗ ਵੱਲੋਂ ਕੁਝ ਯੋਗਤਾ ਮਾਪਦੰਡ ਨਿਰਧਾਰਤ ਕੀਤੇ ਗਏ ਹਨ:
- ਅਪੰਗਤਾ ਦੀ ਸਥਿਤੀ: ਪਤੀ-ਪਤਨੀ ਵਿੱਚੋਂ ਇੱਕ ਜਾਂ ਦੋਵੇਂ 40% ਜਾਂ ਇਸ ਤੋਂ ਵੱਧ ਅਪੰਗ ਹੋਣੇ ਲਾਜ਼ਮੀ ਹਨ।
- ਨਾਗਰਿਕਤਾ: ਬਿਨੈਕਾਰ ਘੱਟੋ-ਘੱਟ 5 ਸਾਲਾਂ ਤੋਂ ਉਤਰਾਖੰਡ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।
- ਆਮਦਨ ਸੀਮਾ: ਜੇਕਰ ਪਤੀ-ਪਤਨੀ ਵਿੱਚੋਂ ਕੋਈ ਵੀ ਆਮਦਨ ਕਰ ਅਦਾ ਕਰਦਾ ਹੈ, ਉਹ ਯੋਜਨਾ ਲਈ ਯੋਗ ਨਹੀਂ ਹੋਵੇਗਾ।
- ਵਿਆਹੁਤਾ ਸਥਿਤੀ: ਦੋਵਾਂ ਵਿੱਚੋਂ ਕੋਈ ਵੀ ਪਹਿਲਾਂ ਵਿਆਹਿਆ ਹੋਇਆ ਨਹੀਂ ਹੋਣਾ ਚਾਹੀਦਾ।
- ਅਪਰਾਧਿਕ ਰਿਕਾਰਡ: ਬਿਨੈਕਾਰ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ।
- ਉਮਰ ਸੀਮਾ: ਵਿਆਹ ਸਮੇਂ ਪੁਰਸ਼ ਦੀ ਉਮਰ 21 ਤੋਂ 45 ਸਾਲ ਅਤੇ ਇਸਤ੍ਰੀ ਦੀ ਉਮਰ 18 ਤੋਂ 45 ਸਾਲ ਹੋਣੀ ਚਾਹੀਦੀ ਹੈ।
ਕਿਵੇਂ ਕਰੋ ਅਪਲਾਈ?
ਇਸ ਯੋਜਨਾ ਲਈ ਅਰਜ਼ੀ ਦੇਣਾ ਆਸਾਨ ਹੈ। ਦਿਲਚਸਪੀ ਰੱਖਣ ਵਾਲੇ ਉਤਰਾਖੰਡ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੀ ਅਧਿਕਾਰਤ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰ ਸਕਦੇ ਹਨ। ਫਾਰਮ ਭਰ ਕੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਸਹਾਇਕ ਸਮਾਜ ਭਲਾਈ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ।