ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਵਿੱਚ ਆਈ ਕੁਦਰਤੀ ਆਫ਼ਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪਹੁੰਚੇ। ਉਨ੍ਹਾਂ ਨੇ ਹਵਾਈ ਜ਼ਾਇਜ਼ੇ ਰਾਹੀਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਮੁਲਾਂਕਣ ਕੀਤਾ। ਇਸ ਮੌਕੇ ਉਨ੍ਹਾਂ ਨੇ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਮੁਸ਼ਕਲ ਵੇਲੇ ਹਿਮਾਚਲ ਦੇ ਨਾਗਰਿਕਾਂ ਦੇ ਨਾਲ ਖੜ੍ਹੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਲਈ ਮਦਦ ਦਾ ਐਲਾਨ
ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਹੜ੍ਹਾਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਖਮੀ ਹੋਏ ਲੋਕਾਂ ਲਈ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਲਈ 1500 ਕਰੋੜ ਦਾ ਵਿਸ਼ੇਸ਼ ਰਾਹਤ ਪੈਕੇਜ
ਪ੍ਰਧਾਨ ਮੰਤਰੀ ਵੱਲੋਂ ਹਿਮਾਚਲ ਪ੍ਰਦੇਸ਼ ਲਈ 1500 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਗਈ ਹੈ। ਇਸ ਪੈਕੇਜ ਰਾਹੀਂ ਪ੍ਰਭਾਵਿਤ ਇਲਾਕਿਆਂ ਦੀ ਬਹਾਲੀ, ਢਾਂਚਾਗਤ ਸੁਧਾਰ ਅਤੇ ਜਨਹਿਤੀ ਯੋਜਨਾਵਾਂ ਨੂੰ ਗਤੀ ਦੇਣ ‘ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।
ਧਰਮਸ਼ਾਲਾ ‘ਚ ਉੱਚ ਪੱਧਰੀ ਮੀਟਿੰਗ
ਹਵਾਈ ਜ਼ਾਇਜ਼ੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਧਰਮਸ਼ਾਲਾ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਵੀ ਸ਼ਾਮਲ ਰਹੇ। ਮੀਟਿੰਗ ਦੌਰਾਨ ਹੜ੍ਹ ਤੇ ਭੂ-ਸਖਲਨ ਕਾਰਨ ਬਣੀ ਸਥਿਤੀ ਦੀ ਸਮੀਖਿਆ ਕੀਤੀ ਗਈ ਅਤੇ ਅੱਗੇ ਦੀ ਰਾਹਤ ਯੋਜਨਾ ‘ਤੇ ਵਿਚਾਰ-ਵਟਾਂਦਰਾ ਹੋਇਆ।
ਐੱਨਡੀਆਰਐੱਫ ਤੇ ਐੱਸਡੀਆਰਐੱਫ ਨਾਲ ਗੱਲਬਾਤ
ਪ੍ਰਧਾਨ ਮੰਤਰੀ ਨੇ ਰਾਹਤ ਕਾਰਜਾਂ ਵਿੱਚ ਲੱਗੇ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੇ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਹਤ ਅਤੇ ਬਚਾਅ ਮੁਹਿੰਮ ਵਿੱਚ ਕੋਈ ਢਿਲਾਈ ਨਹੀਂ ਬਰਤੀ ਜਾਵੇਗੀ।
ਵਾਧੂ ਸਹਾਇਤਾ ਯੋਜਨਾਵਾਂ ਦਾ ਐਲਾਨ
ਇਸ ਦੌਰੇ ਦੌਰਾਨ ਕਈ ਹੋਰ ਰਾਹਤ ਉਪਰਾਲਿਆਂ ਦਾ ਵੀ ਐਲਾਨ ਕੀਤਾ ਗਿਆ। ਇਸ ਵਿੱਚ ਐੱਸਡੀਆਰਐੱਫ ਦੀ ਦੂਜੀ ਕਿਸ਼ਤ ਜਾਰੀ ਕਰਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਪੇਸ਼ਗੀ ਕਿਸ਼ਤ ਜਾਰੀ ਕਰਨੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵੀਆਂ ਪ੍ਰਵਾਨਗੀਆਂ ਦੇਣਾ, ਰਾਸ਼ਟਰੀ ਰਾਜਮਾਰਗਾਂ ਦੀ ਤੁਰੰਤ ਬਹਾਲੀ, PMNRF ਤੋਂ ਵਾਧੂ ਰਾਹਤ ਰਕਮ ਅਤੇ ਪਸ਼ੂ-ਪਾਲਕਾਂ ਲਈ ਮਿੰਨੀ ਕਿੱਟਾਂ ਵੰਡਣ ਦੀ ਘੋਸ਼ਣਾ ਸ਼ਾਮਲ ਹੈ।
ਕੇਂਦਰ ਸਰਕਾਰ ਦਾ ਭਰੋਸਾ
ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ X ‘ਤੇ ਲਿਖਿਆ ਕਿ ਭਾਰਤ ਸਰਕਾਰ ਇਸ ਸੰਕਟਮਈ ਵੇਲੇ ਪ੍ਰਭਾਵਿਤ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।