ਇੱਕ ਘੰਟੇ ਦੇ ਅੰਦਰ ਦੋ ਵੱਖ-ਵੱਖ ਬੱਸਾਂ ਵਿੱਚ ਕੀਤੀਆਂ ਵਾਰਦਾਤਾਂ
ਬੈਰੀ ਪੁਲਸ ਅਨੁਸਾਰ ਇਹ ਘਟਨਾਵਾਂ 8 ਨਵੰਬਰ ਨੂੰ ਵਾਪਰੀਆਂ। ਤਿੰਨਾਂ ਮੁਲਜ਼ਮਾਂ ਨੇ ਕਰੀਬ ਇੱਕ ਘੰਟੇ ਦੇ ਫ਼ਰਕ ਨਾਲ ਦੋ ਵੱਖ-ਵੱਖ ਬੱਸਾਂ ਵਿੱਚ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ।
ਪਹਿਲੀ ਘਟਨਾ ਸ਼ਾਮ ਕਰੀਬ 7.15 ਵਜੇ ਏਸਾ ਰੋਡ ਨੇੜੇ ਵਾਪਰੀ। ਪੁਲਸ ਮੁਤਾਬਕ ਤਿੰਨਾਂ ਨੇ ਬੱਸ ਵਿੱਚ ਸਫ਼ਰ ਕਰ ਰਹੇ 26 ਸਾਲਾ ਵਿਅਕਤੀ ਨਾਲ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਉਸ ਨੂੰ ਧੱਕੇ ਮਾਰਨ ਤੋਂ ਬਾਅਦ ਥੱਪੜ ਵੀ ਮਾਰੇ। ਪੀੜਤ ਨੇ ਜਦੋਂ ਬੱਸ ਡਰਾਈਵਰ ਕੋਲੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨੂੰ ਬੱਸ ਵਿੱਚੋਂ ਬਾਹਰ ਧੱਕ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਸਿੱਖ ਨੌਜਵਾਨ ਦੀ ਪੱਗ ਉਤਾਰੀ, ਫ਼ੋਨ ਵੀ ਤੋੜਨ ਦੀ ਕੋਸ਼ਿਸ਼
ਦੂਜੀ ਘਟਨਾ ਰਾਤ ਕਰੀਬ 8.30 ਵਜੇ ਯੋਂਗ ਸਟਰੀਟ ’ਤੇ ਚੱਲ ਰਹੀ ਇੱਕ ਹੋਰ ਬੱਸ ਵਿੱਚ ਵਾਪਰੀ। ਪੁਲਸ ਅਨੁਸਾਰ ਉਸੇ ਸਮੂਹ ਨੇ 22 ਸਾਲਾ ਯਾਤਰੀ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਇੱਕ ਮੁਲਜ਼ਮ ਨੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਉੱਪਰ ਬੀਅਰ ਪਾ ਦਿੱਤੀ।
ਪੀੜਤ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ ਲਈ ਫ਼ੋਨ ਕੱਢਿਆ ਤਾਂ ਇੱਕ ਮੁਲਜ਼ਮ ਨੇ ਉਸ ਦਾ ਮੋਬਾਈਲ ਫ਼ੋਨ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਜਦੋਂ ਨੌਜਵਾਨ ਨੇ ਬੱਸ ਡਰਾਈਵਰ ਤੋਂ ਸਹਾਇਤਾ ਮੰਗੀ ਤਾਂ ਦੋ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ, ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਮੁੱਕੇ ਮਾਰੇ।
ਟੈਕਸੀ ਰਾਹੀਂ ਭੱਜੇ ਮੁਲਜ਼ਮ, ਅੱਧੇ ਘੰਟੇ ’ਚ ਪੁਲਸ ਨੇ ਫੜੇ
ਵਾਰਦਾਤ ਤੋਂ ਬਾਅਦ ਤਿੰਨੇ ਮੁਲਜ਼ਮ ਇੱਕ ਟੈਕਸੀ ਵਿੱਚ ਬੈਠ ਕੇ ਫ਼ਰਾਰ ਹੋ ਗਏ। ਹਾਲਾਂਕਿ ਪੁਲਸ ਨੇ ਕਰੀਬ ਅੱਧੇ ਘੰਟੇ ਦੇ ਅੰਦਰ ਟੈਕਸੀ ਦਾ ਪਤਾ ਲਗਾ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦੇ ਦੋਸ਼ ਦਰਜ ਕੀਤੇ ਹਨ।
ਪੁਲਸ ਨੇ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਅਧਿਕਾਰੀਆਂ ਮੁਤਾਬਕ ਦੋਵਾਂ ਘਟਨਾਵਾਂ ਵਿੱਚ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ। ਉੱਧਰ, ਹਿੰਦੂ ਸਿੱਖ ਏਕਤਾ ਫੋਰਮ ਕੈਨੇਡਾ ਨੇ ਦੂਜੀ ਘਟਨਾ ਦੇ ਪੀੜਤ ਦੀ ਪਛਾਣ ਸਿੱਖ ਨੌਜਵਾਨ ਵਜੋਂ ਕੀਤੀ ਹੈ।
ਓਨਟਾਰੀਓ ਦੇ ਮੰਤਰੀ ਨੇ ਦਸਤਾਰ ਦੀ ਬੇਅਦਬੀ ਨੂੰ ਧਾਰਮਿਕ ਆਜ਼ਾਦੀ ’ਤੇ ਹਮਲਾ ਦੱਸਿਆ
ਘਟਨਾ ਦੀ ਓਨਟਾਰੀਓ ਦੇ ਨਾਗਰਿਕਤਾ ਅਤੇ ਬਹੁ-ਸੱਭਿਆਚਾਰਵਾਦ ਮੰਤਰੀ ਗ੍ਰਾਹਮ ਮੈਕਗ੍ਰੇਗਰ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਧਰਮ ਦਾ ਪਵਿੱਤਰ ਪ੍ਰਤੀਕ ਹੈ ਅਤੇ ਇਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਵਿਅਕਤੀ ਦੇ ਸਨਮਾਨ ਅਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਲਿਖਿਆ ਕਿ ਪੱਗ ਵਿਸ਼ਵਾਸ ਦਾ ਪਵਿੱਤਰ ਪ੍ਰਤੀਕ ਹੈ ਅਤੇ ਇਸ ਨੂੰ ਨਿਸ਼ਾਨਾ ਬਣਾਉਣਾ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ।
ਇਸੇ ਦੌਰਾਨ ਵਿਸ਼ਵ ਸਿੱਖ ਸੰਗਠਨ ਨੇ ਵੀ ਦੋਵਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਸੰਗਠਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਸਿਰਫ਼ ਕੁਝ ਵਿਅਕਤੀਆਂ ਦੀਆਂ ਵੱਖਰੀਆਂ ਹਰਕਤਾਂ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।