36 ਘੰਟਿਆਂ ਦਾ ਨਿਰਜਲਾ ਵਰਤ ਹੈ ਵਿਸ਼ੇਸ਼ ਮਾਨਤਾ
ਛਠ ਦਾ ਵਰਤ ਧਾਰਮਿਕ ਨਿਯਮਾਂ ਅਤੇ ਸੰਜਮ ਦੇ ਪੱਖੋਂ ਬੇਹੱਦ ਔਖਾ ਮੰਨਿਆ ਜਾਂਦਾ ਹੈ। ਇਸ ਵਿੱਚ ਵਰਤ ਰੱਖਣ ਵਾਲੇ ਸ਼ਰਧਾਲੂ ਪਵਿੱਤਰਤਾ ਅਤੇ ਸਾਤਵਿਕ ਜੀਵਨ-ਸ਼ੈਲੀ ਦਾ ਪੂਰਾ ਧਿਆਨ ਰੱਖਦੇ ਹਨ। ਖਰਨਾ ਦੀ ਪੂਜਾ ਤੋਂ ਬਾਅਦ ਸ਼ੁਰੂ ਹੋਣ ਵਾਲਾ ਨਿਰਜਲਾ ਵਰਤ ਕਰੀਬ 36 ਘੰਟੇ ਚੱਲਦਾ ਹੈ। ਇਸ ਦੌਰਾਨ ਵਰਤੀ ਨਾ ਕੁਝ ਖਾਂਦੇ ਹਨ ਅਤੇ ਨਾ ਹੀ ਪਾਣੀ ਪੀਂਦੇ ਹਨ। ਤਿਉਹਾਰ ਦੀਆਂ ਮੁੱਖ ਰਸਮਾਂ ਵਿੱਚ ਜਲ ਸਰੋਤਾਂ ਦੇ ਕੰਢੇ ਖੜ੍ਹੇ ਹੋ ਕੇ ਸੂਰਜ ਨੂੰ ਅਰਘ ਦੇਣਾ ਸ਼ਾਮਲ ਹੈ।
ਚਾਰ ਦਿਨਾਂ ਵਿੱਚ ਇਸ ਤਰ੍ਹਾਂ ਹੋਣਗੀਆਂ ਮੁੱਖ ਰਸਮਾਂ
13 ਨਵੰਬਰ – ਨਾਹਏ-ਖਾਏ ਨਾਲ ਹੋਈ ਸ਼ੁਰੂਆਤ
ਛਠ ਮਹਾਪਰਵ ਦੇ ਪਹਿਲੇ ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਇਸ਼ਨਾਨ ਕਰਕੇ ਸਫ਼ਾਈ ਅਤੇ ਪਵਿੱਤਰਤਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਇਸ ਤੋਂ ਬਾਅਦ ਸਾਤਵਿਕ ਭੋਜਨ ਗ੍ਰਹਿਣ ਕਰਕੇ ਚਾਰ ਦਿਨਾਂ ਦੀਆਂ ਧਾਰਮਿਕ ਰਸਮਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ।
14 ਨਵੰਬਰ – ਖਰਨਾ ਦੀ ਹੋਵੇਗੀ ਪੂਜਾ
ਦੂਜੇ ਦਿਨ ਵਰਤੀ ਸਾਰਾ ਦਿਨ ਵਰਤ ਰੱਖਣਗੇ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਮਿੱਟੀ ਦੇ ਚੁੱਲ੍ਹੇ ’ਤੇ ਅੰਬ ਦੀ ਲੱਕੜ ਨਾਲ ਗੁੜ ਅਤੇ ਗਾਂ ਦੇ ਦੁੱਧ ਦੀ ਖੀਰ ਤਿਆਰ ਕੀਤੀ ਜਾਵੇਗੀ। ਪੂਜਾ ਕਰਨ ਤੋਂ ਬਾਅਦ ਇਸ ਨੂੰ ਪ੍ਰਸ਼ਾਦ ਵਜੋਂ ਗ੍ਰਹਿਣ ਕੀਤਾ ਜਾਵੇਗਾ। ਖਰਨਾ ਦੀ ਰਸਮ ਪੂਰੀ ਹੋਣ ਮਗਰੋਂ ਲਗਾਤਾਰ ਕਰੀਬ 36 ਘੰਟਿਆਂ ਦਾ ਨਿਰਜਲਾ ਵਰਤ ਸ਼ੁਰੂ ਹੋਵੇਗਾ।
15 ਨਵੰਬਰ – ਡੁੱਬਦੇ ਸੂਰਜ ਨੂੰ ਦਿੱਤਾ ਜਾਵੇਗਾ ਅਰਘ
ਤੀਜੇ ਦਿਨ ਛਠ ਪੂਜਾ ਦੀਆਂ ਤਿਆਰੀਆਂ ਤਹਿਤ ਬਾਂਸ ਦੀਆਂ ਟੋਕਰੀਆਂ ਅਤੇ ਛੱਜਾਂ ਵਿੱਚ ਫਲਾਂ ਸਮੇਤ ਹੋਰ ਪੂਜਾ ਸਮੱਗਰੀ ਸਜਾਈ ਜਾਵੇਗੀ। ਸ਼ਾਮ ਵੇਲੇ ਵਰਤੀ ਆਪਣੇ ਪਰਿਵਾਰਾਂ ਨਾਲ ਨਦੀ, ਛੱਪੜ ਜਾਂ ਹੋਰ ਜਲ ਸਰੋਤਾਂ ਦੇ ਕੰਢੇ ਪਹੁੰਚਣਗੇ। ਪਾਣੀ ਵਿੱਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਵੇਗਾ। ਪੰਚਾਂਗ ਅਨੁਸਾਰ ਇਸ ਦਿਨ ਸੰਧਿਆ ਅਰਘ ਦਾ ਸਮਾਂ ਸ਼ਾਮ 5 ਵੱਜ ਕੇ 24 ਮਿੰਟ ਹੈ।
16 ਨਵੰਬਰ – ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਹੋਵੇਗਾ ਸਮਾਪਨ
ਛਠ ਮਹਾਪਰਵ ਦੇ ਆਖ਼ਰੀ ਦਿਨ ਸਵੇਰੇ ਸ਼ਰਧਾਲੂ ਚੜ੍ਹਦੇ ਸੂਰਜ ਨੂੰ ਅਰਘ ਦੇਣਗੇ। ਇਸ ਤੋਂ ਬਾਅਦ ਛਠੀ ਮਈਆ ਦੀ ਪੂਜਾ ਕਰਕੇ ਵਰਤ ਦਾ ਪਾਰਣ ਕੀਤਾ ਜਾਵੇਗਾ। ਪੰਚਾਂਗ ਮੁਤਾਬਕ ਇਸ ਦਿਨ ਸੂਰਜ ਚੜ੍ਹਨ ਦਾ ਸਮਾਂ ਸਵੇਰੇ 6 ਵੱਜ ਕੇ 43 ਮਿੰਟ ਹੈ। ਇਸ ਰਸਮ ਨਾਲ ਚਾਰ ਦਿਨਾਂ ਤੱਕ ਚੱਲਣ ਵਾਲੇ ਛਠ ਮਹਾਪਰਵ ਦੀ ਸਮਾਪਤੀ ਹੋਵੇਗੀ।
ਪੰਜਾਬ ਵਿੱਚ 104 ਥਾਵਾਂ ’ਤੇ ਪ੍ਰਬੰਧ ਕਰਨ ਦੇ ਹੁਕਮ
ਛਠ ਪੂਜਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਸ਼ਨਾਖਤ ਕੀਤੇ ਗਏ 104 ਸਥਾਨਾਂ ’ਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਛਠ ਪੂਜਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ, ਤਾਂ ਜੋ ਲੋਕ ਬਿਨਾਂ ਕਿਸੇ ਦਿੱਕਤ ਦੇ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਤਿਉਹਾਰ ਮਨਾ ਸਕਣ। ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਾਰੇ ਸਮਾਗਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਨ।