ਨਵੀਂ ਦਿੱਲੀ :- ਟੋਰਾਂਟੋ ਦੇ ਵਾਘਨ ਮੈਟਰੋਪੋਲਿਟਨ ਸੈਂਟਰ ਸਟੇਸ਼ਨ ਦੀ ਇੱਕ 20 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਭਾਰਤ ਵਿਰੋਧੀ ਟਿੱਪਣੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਵੀਡੀਓ ਵਿੱਚ ਇੱਕ ਔਰਤ ਫਰਸ਼ ‘ਤੇ ਬੈਠੀ ਦਿਖਾਈ ਦੇ ਰਹੀ ਹੈ, ਜਿਸਦੇ ਹੱਥ ਵਿੱਚ ਡਾਇਪਰ ਦਾ ਪੈਕਟ ਹੈ। ਜਿਵੇਂ ਹੀ ਉਹ ਵਿਅਕਤੀ ਉਸਦੀ ਵੀਡੀਓ ਬਣਾਉਂਦਾ ਹੈ, ਔਰਤ ਪੈਕਟ ਨਾਲ ਆਪਣਾ ਚਿਹਰਾ ਢੱਕ ਕੇ ਤੁਰ ਜਾਂਦੀ ਹੈ। ਵੀਡੀਓ ਵਿੱਚ ਕਿਤੇ ਵੀ ਭਿਖ ਮੰਗਣ ਦੀ ਪੁਸ਼ਟੀ ਨਹੀਂ ਹੁੰਦੀ, ਪਰ ਕਈ ਪੋਸਟਾਂ ਵਿੱਚ ਉਸਨੂੰ “ਇੰਡੀਅਨ ਲੇਡੀ ਭਿਖ ਮੰਗਦੀ” ਦੱਸਿਆ ਗਿਆ। ਕੁਝ ਕੈਪਸ਼ਨਾਂ ਨੇ ਤਾਂ “ਵੀਜ਼ਾ ਲੈ ਕੇ ਭਿਖ ਮੰਗਣ ਗਈ” ਵਰਗੇ ਤਾਨੇ ਵੀ ਮਾਰੇ।
ਭਾਰਤੀ ਪਰਵਾਸੀਆਂ ਵਿਰੁੱਧ ਘ੍ਰਿਣਾ ਅਤੇ ਚਿੰਤਾ
ਇਸ ਵਾਇਰਲ ਕਲਿੱਪ ਨੇ ਇੰਟਰਨੈੱਟ ‘ਤੇ ਭਾਰਤੀ ਮਹਿਲਾਵਾਂ ਅਤੇ ਪਰਵਾਸੀਆਂ ਵਿਰੁੱਧ ਘ੍ਰਿਣਾਤਮਕ ਟਿੱਪਣੀਆਂ ਨੂੰ ਹੋਰ ਭੜਕਾਇਆ। ਕਈਆਂ ਨੇ “ਕੈਨੇਡਾ ਭਾਰਤ ਤੋਂ ਭਿਖਾਰੀ ਲਿਆ ਰਿਹਾ ਹੈ” ਜਿਹੇ ਬਿਆਨ ਦਿੱਤੇ, ਜਦਕਿ ਹੋਰਾਂ ਨੇ ਇਸ ਗੱਲ ‘ਤੇ ਸਵਾਲ ਖੜ੍ਹੇ ਕੀਤੇ ਕਿ ਕਿਸੇ ਦੀ ਮਰਜ਼ੀ ਬਿਨਾਂ ਉਸਦੀ ਵੀਡੀਓ ਬਣਾਉਣਾ ਅਤੇ ਫੈਲਾਉਣਾ ਕੈਨੇਡੀਅਨ ਪਰਾਈਵੇਸੀ ਕਾਨੂੰਨਾਂ ਅਨੁਸਾਰ ਗਲਤ ਤਾਂ ਨਹੀਂ? ਹੁਣ ਤੱਕ ਨਾ ਤਾਂ ਉਸ ਔਰਤ ਦੀ ਪਛਾਣ ਹੋਈ ਹੈ ਅਤੇ ਨਾ ਹੀ ਕੋਈ ਅਧਿਕਾਰਤ ਪੁਸ਼ਟੀ ਕਿ ਉਹ ਭਾਰਤੀ ਸੀ ਜਾਂ ਵੀਡੀਓ ਕਦੋਂ ਬਣੀ। ਮਾਹਿਰਾਂ ਅਨੁਸਾਰ ਇਹ ਘਟਨਾ ਸੋਸ਼ਲ ਮੀਡੀਆ ਰਾਹੀਂ ਪੱਖਪਾਤੀ ਕਹਾਣੀਆਂ ਫੈਲਾਉਣ ਦਾ ਤਾਜ਼ਾ ਉਦਾਹਰਨ ਹੈ।