ਜਰਨੈਲ ਸਿੰਘ ਨੇ 6 ਨਵੰਬਰ ਨੂੰ ਮੋਹਾਲੀ ਦੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ’ਤੇ ਇਕ ਵਿਅਕਤੀ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਸੇ ਨੰਬਰ ਤੋਂ ਵ੍ਹਟਸਐਪ ਰਾਹੀਂ ਧਮਕੀ ਭਰਿਆ ਸੁਨੇਹਾ ਵੀ ਭੇਜਿਆ ਗਿਆ। ਮੁਲਜ਼ਮ ਦੇ ਵ੍ਹਟਸਐਪ ਪ੍ਰੋਫਾਈਲ ’ਤੇ ‘ਐੱਚ’ ਨਾਂ ਦਿਖਾਈ ਦੇ ਰਿਹਾ ਸੀ।
ਸ਼ਿਕਾਇਤ ਮੁਤਾਬਕ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਅਤੇ ਵਿਧਾਇਕ ਨੂੰ ਕਿਹਾ ਕਿ ਉਹ ਕੇਜਰੀਵਾਲ ਤੱਕ 7 ਕਰੋੜ ਰੁਪਏ ਦੇਣ ਦਾ ਸੁਨੇਹਾ ਪਹੁੰਚਾ ਦੇਣ। ਉਸ ਨੇ ਰਕਮ ਨਾ ਮਿਲਣ ’ਤੇ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਸਾਈਬਰ ਕ੍ਰਾਈਮ ਥਾਣੇ ਵਿੱਚ ਕੇਸ ਦਰਜ
ਇਸ ਮਾਮਲੇ ਵਿੱਚ 7 ਨਵੰਬਰ 2026 ਨੂੰ ਰਾਤ 9 ਵੱਜ ਕੇ 16 ਮਿੰਟ ’ਤੇ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ। ਪੁਲਸ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ), 2023 ਦੀਆਂ ਧਾਰਾਵਾਂ 308(4), 351(2), 351(3), 351(4) ਅਤੇ 111(2) ਤੋਂ ਇਲਾਵਾ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66D ਤਹਿਤ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਤਕਨੀਕੀ ਜਾਂਚ ਇੰਸਪੈਕਟਰ ਸੁਨੀਲ ਕੁਮਾਰ ਨੂੰ ਸੌਂਪੀ ਗਈ ਹੈ। ਫਿਲਹਾਲ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਅਤੇ ਉਸ ਵੱਲੋਂ ਵਰਤੇ ਗਏ ਮੋਬਾਈਲ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ।