15 ਤੋਂ 20 ਨਵੰਬਰ ਵਿਚਾਲੇ ਹੋ ਸਕਦੀ ਹੈ ਰੈਲੀ
ਮੀਡੀਆ ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਦੀ ਇਹ ਰੈਲੀ ਦੀਵਾਲੀ ਤੋਂ ਬਾਅਦ 15 ਤੋਂ 20 ਨਵੰਬਰ ਦਰਮਿਆਨ ਕਰਵਾਉਣ ਦੀ ਯੋਜਨਾ ਹੈ। ਇਸ ਵਾਰ ਭਾਜਪਾ ਨੇ ਆਪਣੀ ਰੈਲੀ ਲਈ ਮਾਲਵਾ ਖੇਤਰ ਨੂੰ ਤਰਜੀਹ ਦਿੱਤੀ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਦੇ ਦੌਰੇ ਦੀ ਤਰੀਕ ਅਤੇ ਰੈਲੀ ਵਾਲੀ ਥਾਂ ਬਾਰੇ ਅਜੇ ਅੰਤਿਮ ਫ਼ੈਸਲਾ ਹੋਣਾ ਬਾਕੀ ਹੈ।
ਬਠਿੰਡਾ ’ਚ ਰੈਲੀ ਦੇ ਸਿਆਸੀ ਮਾਅਨੇ
ਬਠਿੰਡਾ ਨੂੰ ਮਾਲਵਾ ਦੀ ਸਿਆਸਤ ਦਾ ਅਹਿਮ ਕੇਂਦਰ ਮੰਨਿਆ ਜਾਂਦਾ ਹੈ। ਇਹ ਇਲਾਕਾ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦੀ ਸਿਆਸੀ ਪਕੜ ਨਾਲ ਵੀ ਜੁੜਿਆ ਰਿਹਾ ਹੈ। ਅਜਿਹੇ ਵਿੱਚ ਭਾਜਪਾ ਵੱਲੋਂ ਇੱਥੇ ਪ੍ਰਧਾਨ ਮੰਤਰੀ ਦੀ ਰੈਲੀ ਕਰਵਾਉਣ ਦੀ ਤਿਆਰੀ ਨੂੰ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ।
ਇਸ ਰੈਲੀ ਦੀ ਸੰਭਾਵਨਾ ਦੇ ਨਾਲ ਹੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਸਿਆਸੀ ਸਾਂਝ ਬਣਨ ਦੀ ਚਰਚਾ ਵੀ ਤੇਜ਼ ਹੋ ਗਈ ਹੈ।
ਭਾਜਪਾ ਤੇ ਅਕਾਲੀ ਦਲ ਮੁੜ ਆ ਸਕਦੇ ਹਨ ਇਕੱਠੇ?
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਬਠਿੰਡਾ ਰੈਲੀ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਮੁੜ ਗੱਠਜੋੜ ਬਾਰੇ ਕੋਈ ਸੰਕੇਤ ਜਾਂ ਐਲਾਨ ਸਾਹਮਣੇ ਆ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਇਸ ਮੁੱਦੇ ’ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਲੰਮਾ ਸਮਾਂ ਗੱਠਜੋੜ ਤਹਿਤ ਪੰਜਾਬ ਵਿੱਚ ਚੋਣਾਂ ਲੜਦੇ ਰਹੇ ਹਨ, ਪਰ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸਾਲ 2020 ਵਿੱਚ ਦੋਵਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ ਸਨ।
ਫਿਲਹਾਲ ਸਭ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੌਰੇ ਲਈ ਦਿੱਤੇ ਜਾਣ ਵਾਲੇ ਸਮੇਂ ਅਤੇ ਭਾਜਪਾ ਦੇ ਅਧਿਕਾਰਤ ਐਲਾਨ ’ਤੇ ਟਿਕੀਆਂ ਹੋਈਆਂ ਹਨ।