ਨਵੀਂ ਦਿੱਲੀ :- ਨੇਪਾਲ ਦੀ ਰਾਜਧਾਨੀ ਕਾਠਮਾਂਡੂ ਸਮੇਤ ਕਈ ਸ਼ਹਿਰਾਂ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਰਕਾਰੀ ਪਾਬੰਦੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਪ੍ਰਦਰਸ਼ਨ ਹਿੰਸਕ ਹੋ ਗਏ ਹਨ। ਸੋਮਵਾਰ ਨੂੰ ਵਾਪਰੀਆਂ ਝੜਪਾਂ ਦੌਰਾਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਕਾਠਮਾਂਡੂ ਸਮੇਤ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਫੈਲੇ
ਮੁੱਢਲਾ ਪ੍ਰਦਰਸ਼ਨ ਕਾਠਮਾਂਡੂ ਵਿਚ ਸ਼ੁਰੂ ਹੋਇਆ ਸੀ, ਪਰ ਹੁਣ ਇਹ ਪੋਖਰਾ, ਬੁਟਵਾਲ, ਚਿਤਵਨ, ਨੇਪਾਲਗੰਜ ਅਤੇ ਬਿਰਾਟਨਗਰ ਸਮੇਤ ਕਈ ਸ਼ਹਿਰਾਂ ਤੱਕ ਫੈਲ ਗਿਆ ਹੈ। ਪ੍ਰਦਰਸ਼ਨਕਾਰੀ ਸਰਕਾਰੀ ਭ੍ਰਿਸ਼ਟਾਚਾਰ ਖ਼ਿਲਾਫ਼ ਅਤੇ ਸੋਸ਼ਲ ਮੀਡੀਆ ਬੈਨ ਹਟਾਉਣ ਦੀ ਮੰਗ ਕਰ ਰਹੇ ਹਨ। ਬਹੁਤ ਸਾਰੇ ਨੌਜਵਾਨ ਵੀਪੀਐਨ ਦੀ ਮਦਦ ਨਾਲ ਪਾਬੰਦੀ ਤੋਂ ਬਚ ਕੇ ਆਪਸੀ ਸਾਂਝਾ ਸੰਚਾਰ ਕਰ ਰਹੇ ਹਨ।
ਸੰਸਦ ਇਲਾਕੇ ’ਚ ਹਾਲਾਤ ਤਣਾ ਭਰੇ, ਫੌਜ ਤਾਇਨਾਤ
ਕਾਠਮਾਂਡੂ ਸੰਸਦ ਭਵਨ ਇਲਾਕੇ ਵਿੱਚ ਹਿੰਸਾ ਵਧਣ ਤੋਂ ਬਾਅਦ ਸਰਕਾਰ ਨੇ ਨੇਪਾਲ ਫੌਜ ਦੀ ਦੋ ਤੋਂ ਤਿੰਨ ਪਲਟੂਨਾਂ ਦੀ ਤਾਇਨਾਤੀ ਕੀਤੀ ਹੈ। ਫੌਜੀ ਮੌਜੂਦਗੀ ਇਸ ਵੇਲੇ ਸਿਰਫ਼ ਰਾਜਧਾਨੀ ਤੱਕ ਸੀਮਿਤ ਹੈ ਅਤੇ ਖ਼ਾਸਕਰ ਸੰਸਦ ਦੇ ਆਸਪਾਸ ਕੇਂਦ੍ਰਿਤ ਕੀਤੀ ਗਈ ਹੈ।
ਹਸਪਤਾਲਾਂ ਵਿੱਚ ਸੰਸਾਧਨਾਂ ਦੀ ਕਮੀ, ਹਾਲਾਤ ਚਿੰਤਾਜਨਕ
ਨੇਪਾਲ ਸਿਹਤ ਮੰਤਰਾਲੇ ਮੁਤਾਬਕ, ਕਾਠਮਾਂਡੂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸੰਸਾਧਨਾਂ ਦੀ ਭਾਰੀ ਕਮੀ ਆ ਗਈ ਹੈ। 100 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ। ਸਰਕਾਰ ਨੇ ਮੌਤਾਂ ਦੀ ਗਿਣਤੀ 14 ਦੱਸੀ ਸੀ, ਪਰ ਸਥਾਨਕ ਅਧਿਕਾਰੀਆਂ ਮੁਤਾਬਕ ਹੁਣ ਤੱਕ 16 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।