ਸਮਾਗਮ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਭ ਤੋਂ ਪਹਿਲਾਂ ਸਿੱਖ ਸੰਗਤ ਨਾਲ ਥੈਟਫੋਰਡ ਵਿੱਚ ਸਥਾਪਤ ਮਹਾਰਾਜਾ ਦਲੀਪ ਸਿੰਘ ਦੇ ਬੁੱਤ ਵਾਲੀ ਯਾਦਗਾਰ ਵਿਖੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਨੇੜੇ ਸਥਿਤ ਪੁਰਾਤਨ ਘਰ ਦਾ ਦੌਰਾ ਕੀਤਾ, ਜਿਸ ਨੂੰ ਹੁਣ ਥੈਟਫੋਰਡ ਜੀਵਨ ਦਾ ਅਜਾਇਬ ਘਰ ਵਜੋਂ ਵਰਤਿਆ ਜਾਂਦਾ ਹੈ। ਇਹ ਘਰ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ 1921 ਵਿੱਚ ਸ਼ਹਿਰ ਨੂੰ ਅਜਾਇਬ ਘਰ ਵਜੋਂ ਵਰਤਣ ਲਈ ਸੌਂਪਿਆ ਸੀ।
1490 ਵਿੱਚ ਬਣੇ ਘਰ ਵਿੱਚ ਸੰਭਾਲੀਆਂ ਹੋਈਆਂ ਹਨ ਸ਼ਾਹੀ ਪਰਿਵਾਰ ਦੀਆਂ ਨਿਸ਼ਾਨੀਆਂ
ਇਹ ਇਮਾਰਤ ਸੰਨ 1490 ਵਿੱਚ ਇੱਕ ਵਪਾਰੀ ਵੱਲੋਂ ਬਣਾਈ ਗਈ ਸੀ। ਬਾਅਦ ਵਿੱਚ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ ਇਸ ਨੂੰ ਖ਼ਰੀਦਿਆ। ਅਜਾਇਬ ਘਰ ਵਿੱਚ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪੰਜ ਪੁੱਤਰਾਂ ਤੇ ਤਿੰਨ ਧੀਆਂ ਨਾਲ ਸਬੰਧਤ ਕਈ ਇਤਿਹਾਸਕ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇਹ ਵਸਤਾਂ ਯੂਕੇ ਵਿੱਚ ਜਨਮੇ ਸਿੱਖ ਭੁਪਿੰਦਰ ਸਿੰਘ ਬੈਂਸ, ਜਿਨ੍ਹਾਂ ਨੂੰ ਪੀਟਰ ਬੈਂਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਮਹਾਰਾਜਾ ਨਾਲ ਜੁੜੇ ਵੱਖ-ਵੱਖ ਪਰਿਵਾਰਾਂ ਤੋਂ ਇਕੱਠੀਆਂ ਕਰਕੇ ਇੱਥੇ ਸੁਰੱਖਿਅਤ ਰੱਖੀਆਂ ਹਨ।
ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੂੰ ਦਿੱਤੀ ਸ਼ਰਧਾਂਜਲੀ
ਇਸ ਤੋਂ ਬਾਅਦ ਜਥੇਦਾਰ ਗੜਗੱਜ ਥੈਟਫੋਰਡ ਨੇੜਲੇ ਐਲਵੇਡਨ ਵਿਖੇ ਉਸ ਅਸਥਾਨ ‘ਤੇ ਪਹੁੰਚੇ, ਜਿੱਥੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਅਤੇ ਸਭ ਤੋਂ ਛੋਟੇ ਪੁੱਤਰ ਪ੍ਰਿੰਸ ਐਡਵਰਡ ਐਲਬਰਟ ਦਲੀਪ ਸਿੰਘ ਦੀਆਂ ਦੇਹਾਂ ਦਫ਼ਨ ਹਨ। ਇਸ ਮੌਕੇ ਸਿੱਖ ਨੌਜਵਾਨ ਕਵੀਸ਼ਰਾਂ ਦੇ ਜਥੇ ਨੇ ਮਹਾਰਾਜਾ ਦੇ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਕਵਿਤਾ ਗਾ ਕੇ ਉਨ੍ਹਾਂ ਨੂੰ ਯਾਦ ਕੀਤਾ। ਜਥੇ ਵਿੱਚ ਸ. ਤਰਨਦੀਪ ਸਿੰਘ, ਸ. ਸਿਮਰਦੀਪ ਸਿੰਘ ਅਤੇ ਸ. ਅਮਰਿੰਦਰ ਸਿੰਘ ਸ਼ਾਮਲ ਸਨ।
ਮਹਾਰਾਣੀ ਜਿੰਦ ਕੌਰ ਨੇ ਪੁੱਤਰ ਨੂੰ ਮੁੜ ਸਿੱਖੀ ਨਾਲ ਜੋੜਿਆ
ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਜੀਵਨ ਦੇ ਆਖ਼ਰੀ ਦੌਰ ਵਿੱਚ ਸਿੱਖੀ ਅਤੇ ਪੰਜਾਬ ਨਾਲ ਆਪਣਾ ਨਾਤਾ ਮੁੜ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਦਾ ਸਿੱਖੀ ਵਿੱਚ ਵਾਪਸ ਆਉਣਾ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੀ ਭਾਵਨਾ ਅੱਜ ਦੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।
ਉਨ੍ਹਾਂ ਮਹਾਰਾਣੀ ਜਿੰਦ ਕੌਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਔਖੇ ਹਾਲਾਤ ਵਿੱਚ ਵੀ ਮਾਂ ਦਾ ਫ਼ਰਜ਼ ਨਿਭਾਉਂਦਿਆਂ ਆਪਣੇ ਪੁੱਤਰ ਨੂੰ ਸਿੱਖੀ ਨਾਲ ਮੁੜ ਜੋੜਨ ਲਈ ਯਤਨ ਕੀਤੇ ਅਤੇ ਪੰਜਾਬ ਵਿੱਚ ਸਿੱਖ ਰਾਜ ਦੀ ਬਹਾਲੀ ਲਈ ਸੰਘਰਸ਼ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਣੀ ਜਿੰਦ ਕੌਰ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਸਹੀ ਢੰਗ ਨਾਲ ਉਭਾਰਨ ਦੀ ਅਪੀਲ
ਜਥੇਦਾਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ ਵਿਸ਼ਵ ਪੱਧਰ ‘ਤੇ ਸਹੀ ਤੱਥਾਂ ਅਤੇ ਸਿੱਖੀ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲਿਖਾਰੀਆਂ ਵੱਲੋਂ ਆਪਣੀਆਂ ਲਿਖਤਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਪੰਥਕ ਲੇਖਕਾਂ ਅਤੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਮਹਾਰਾਜਿਆਂ ਦੇ ਜੀਵਨ ਅਤੇ ਇਤਿਹਾਸ ਬਾਰੇ ਤੱਥਾਂ ਅਧਾਰਤ ਬਿਰਤਾਂਤ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਯਤਨ ਕਰਨ।
ਵਿਦੇਸ਼ਾਂ ਵਿੱਚ ਵੱਸਣ ਲਈ ਪੰਜਾਬ ਦੀਆਂ ਜ਼ਮੀਨਾਂ ਵੇਚਣ ਦੇ ਰੁਝਾਨ ‘ਤੇ ਚਿੰਤਾ
ਜਥੇਦਾਰ ਗੜਗੱਜ ਨੇ ਪੰਜਾਬ ਵਿੱਚੋਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਵੱਸਣ ਦੇ ਵਧ ਰਹੇ ਰੁਝਾਨ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਸਾਡੀ ਜਨਮ ਭੂਮੀ ਅਤੇ ਵਿਰਾਸਤ ਹੈ। ਇਸ ਧਰਤੀ ਤੋਂ ਹੀ ਗੁਰਮਤਿ ਦਾ ਫ਼ਲਸਫ਼ਾ ਦੁਨੀਆ ਭਰ ਵਿੱਚ ਫੈਲਿਆ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਅਤੇ ਕਿਰਤ ਲਈ ਵਿਦੇਸ਼ ਜਾਣ ਵਿੱਚ ਕੋਈ ਇਤਰਾਜ਼ ਨਹੀਂ, ਪਰ ਪੰਜਾਬ ਨਾਲੋਂ ਆਪਣਾ ਰਿਸ਼ਤਾ ਕਦੇ ਨਹੀਂ ਤੋੜਨਾ ਚਾਹੀਦਾ। ਉਨ੍ਹਾਂ ਆਸ ਪ੍ਰਗਟਾਈ ਕਿ ਨੌਜਵਾਨ ਪੀੜ੍ਹੀ ਵੀ ਮਹਾਰਾਜਾ ਦਲੀਪ ਸਿੰਘ ਵਾਂਗ ਆਪਣੀਆਂ ਸਿੱਖੀ ਜੜ੍ਹਾਂ ਨਾਲ ਮੁੜ ਜੁੜੇਗੀ।
ਆਪਸੀ ਮਤਭੇਦ ਛੱਡ ਕੇ ਪੰਥਕ ਮਸਲਿਆਂ ਲਈ ਇਕਜੁੱਟ ਹੋਣ ਦਾ ਸੱਦਾ
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਛੋਟੇ-ਛੋਟੇ ਮਸਲਿਆਂ ‘ਤੇ ਆਪਸ ਵਿੱਚ ਉਲਝਣ ਦੀ ਥਾਂ ਕੌਮ ਦੇ ਵੱਡੇ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਗੁਰੂ ਸਾਹਿਬਾਨ ਦੇ ਸੰਕਲਪ ਅਤੇ ਪੰਥਕ ਹਿੱਤਾਂ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਸਿੱਖਾਂ ਵਿਰੁੱਧ ਫੈਲਾਏ ਜਾਂਦੇ ਨਫ਼ਰਤੀ ਬਿਰਤਾਂਤਾਂ ਨੂੰ ਸਮਝਣ ਅਤੇ ਤੱਥਾਂ ਦੇ ਆਧਾਰ ‘ਤੇ ਜਵਾਬ ਦੇਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਲੂਟਨ ਕੌਂਸਲ ਦੇ ਮੇਅਰ ਜਾਵੇਦ ਹੁਸੈਨ ਸਮੇਤ ਕਈ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੇ ਸੰਗਤ ਦਾ ਸਵਾਗਤ ਕੀਤਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤ ਵਿੱਚ ਜਥੇਦਾਰ ਨੇ ਥੈਟਫੋਰਡ ਵਿਖੇ ਮਹਾਰਾਜਾ ਦਲੀਪ ਸਿੰਘ ਦੇ ਬੁੱਤ ਅਤੇ ਉਸ ਦੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਤੇ ਹੋਰ ਸੁਧਾਰਾਂ ਦੀ ਲੋੜ ਉਠਾਈ। ਉਨ੍ਹਾਂ ਯੂਕੇ ਦੀਆਂ ਸਿੱਖ ਸੰਸਥਾਵਾਂ ਨੂੰ ਇਸ ਕਾਰਜ ਲਈ ਸਾਂਝੇ ਤੌਰ ‘ਤੇ ਅੱਗੇ ਆਉਣ ਦਾ ਸੱਦਾ ਦਿੱਤਾ।