ਨਵੇਂ ਨਿਯਮਾਂ ਤਹਿਤ ਦਿੱਲੀ ਤੋਂ ਬਾਹਰ ਰਜਿਸਟਰਡ ਪੁਰਾਣੇ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਈ ਜਾਵੇਗੀ। ਇਸ ਦਾ ਮਕਸਦ ਸਰਦੀਆਂ ਦੌਰਾਨ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਵਧਦੇ ਪ੍ਰਦੂਸ਼ਣ ਨੂੰ ਘਟਾਉਣਾ ਹੈ।
ਉਸਾਰੀ ਕਾਰਜਾਂ ਅਤੇ ਪਾਰਕਿੰਗ ਤੇ ਵੀ ਪਾਬੰਦੀਆਂ
ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਜ਼ਿਆਦਾਤਰ ਬਾਹਰੀ ਉਸਾਰੀ ਕਾਰਜਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਵਰਤੋਂ ਘਟਾਉਣ ਦੇ ਮਕਸਦ ਨਾਲ ਪਾਰਕਿੰਗ ਫੀਸ ਦੁੱਗਣੀ ਕੀਤੀ ਜਾਵੇਗੀ।
ਸਰਕਾਰੀ ਤੇ ਨਿੱਜੀ ਦਫ਼ਤਰਾਂ ਵਿੱਚ 50 ਫ਼ੀਸਦੀ ਹਾਜ਼ਰੀ
ਪਾਬੰਦੀਆਂ ਦਾ ਅਸਰ ਦਫ਼ਤਰੀ ਕੰਮਕਾਜ ’ਤੇ ਵੀ ਪਵੇਗਾ। ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਸਿਰਫ਼ 50 ਫ਼ੀਸਦੀ ਮੁਲਾਜ਼ਮਾਂ ਦੀ ਹਾਜ਼ਰੀ ਦਾ ਨਿਯਮ ਲਾਗੂ ਕੀਤਾ ਜਾਵੇਗਾ। ਇਸ ਤਰ੍ਹਾਂ ਬਾਕੀ ਮੁਲਾਜ਼ਮਾਂ ਲਈ ਘਰ ਤੋਂ ਕੰਮ ਕਰਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
AI ਅਤੇ ਕੈਮਰਿਆਂ ਰਾਹੀਂ ਹੋਵੇਗੀ ਨਿਗਰਾਨੀ
ਨਿਯਮਾਂ ਦੀ ਉਲੰਘਣਾ ਰੋਕਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਆਟੋਮੈਟਿਕ ਨੰਬਰ ਪਲੇਟ ਪਛਾਣ ਪ੍ਰਣਾਲੀ (ANPR) ਵਾਲੇ ਕੈਮਰਿਆਂ ਦੀ ਮਦਦ ਲਈ ਜਾਵੇਗੀ। ਸਰਕਾਰ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਰਾਹੀਂ ਵੀ ਨਿਗਰਾਨੀ ਕੀਤੀ ਜਾਵੇਗੀ।
ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਸਾਰੇ ਕਦਮ 1 ਨਵੰਬਰ ਤੋਂ 28 ਫਰਵਰੀ ਦਰਮਿਆਨ ਵੱਖ-ਵੱਖ ਸਮੇਂ ਲਈ ਲਾਗੂ ਰਹਿਣਗੇ। ਸਰਕਾਰ ਦਾ ਉਦੇਸ਼ ਸਰਦੀਆਂ ਦੌਰਾਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣਾ ਹੈ।