ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 5 ਨਵੰਬਰ ਤੱਕ ਸੂਬੇ ਵਿੱਚ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਦਿਨ ਵੇਲੇ ਅਸਮਾਨ ਸਾਫ਼ ਰਹਿਣ ਕਾਰਨ ਧੁੱਪ ਨਿਕਲੇਗੀ, ਜਦਕਿ ਸਵੇਰ ਅਤੇ ਸ਼ਾਮ ਦੇ ਸਮੇਂ ਠੰਢ ਦਾ ਅਹਿਸਾਸ ਵਧੇਗਾ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
ਤਾਪਮਾਨ ਆਮ ਨਾਲੋਂ ਹੇਠਾਂ ਆਇਆ
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 1.1 ਡਿਗਰੀ ਸੈਲਸੀਅਸ ਹੇਠਾਂ ਆਇਆ ਹੈ। ਇਹ ਮੌਸਮ ਦੇ ਆਮ ਤਾਪਮਾਨ ਨਾਲੋਂ 1.8 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਰੋਪੜ ਵਿੱਚ ਸੂਬੇ ਦਾ ਸਭ ਤੋਂ ਵੱਧ 32.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ।
ਚੰਡੀਗੜ੍ਹ ਵਿੱਚ 14 ਤੋਂ 15 ਡਿਗਰੀ ਰਹਿ ਸਕਦਾ ਹੈ ਘੱਟੋ-ਘੱਟ ਤਾਪਮਾਨ
ਆਉਣ ਵਾਲੇ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 14 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 30 ਤੋਂ 31 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ। ਇਸ ਤਰ੍ਹਾਂ ਦੁਪਹਿਰ ਸਮੇਂ ਗਰਮੀ ਦਾ ਅਹਿਸਾਸ ਬਣਿਆ ਰਹੇਗਾ, ਪਰ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਡੁੱਬਣ ਤੋਂ ਬਾਅਦ ਮੌਸਮ ਠੰਢਾ ਰਹੇਗਾ।
ਦੋ ਚੱਕਰਵਾਤੀ ਹਵਾਵਾਂ ਦੇ ਸਿਸਟਮ ਵੀ ਬਣੇ ਹੋਏ ਹਨ
ਮੌਸਮ ਵਿਭਾਗ ਮੁਤਾਬਕ ਉੱਤਰੀ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਉੱਪਰ ਸਮੁੰਦਰ ਤਲ ਤੋਂ ਲਗਭਗ 4.5 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਹਵਾਵਾਂ ਦਾ ਇੱਕ ਸਿਸਟਮ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਦੱਖਣੀ ਪੰਜਾਬ ਉੱਪਰ ਲਗਭਗ 1.5 ਕਿਲੋਮੀਟਰ ਦੀ ਉਚਾਈ ’ਤੇ ਮੌਜੂਦ ਇੱਕ ਹੋਰ ਸਿਸਟਮ ਕਮਜ਼ੋਰ ਪੈ ਗਿਆ ਹੈ।
ਹਿਮਾਚਲ ਨਾਲ ਲੱਗਦੇ ਇਲਾਕਿਆਂ ਵਿੱਚ ਵੱਧ ਗਿਰਾਵਟ
ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਤਾਪਮਾਨ ਦੀ ਗਿਰਾਵਟ ਵਧੇਰੇ ਦੇਖਣ ਨੂੰ ਮਿਲੀ ਹੈ। ਮੈਦਾਨੀ ਅਤੇ ਅਰਧ-ਪਹਾੜੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 1 ਤੋਂ 4.4 ਡਿਗਰੀ ਸੈਲਸੀਅਸ ਤੱਕ ਹੇਠਾਂ ਆਇਆ ਹੈ।
ਪਠਾਨਕੋਟ ਦੇ ਥੀਨ ਡੈਮ ਇਲਾਕੇ ਵਿੱਚ ਸਭ ਤੋਂ ਵੱਧ 4.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਉੱਥੇ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਰਹਿ ਗਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਸਲਾਰਨ ਵਿੱਚ ਤਾਪਮਾਨ 4.2 ਡਿਗਰੀ ਘਟ ਕੇ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਠਾਨਕੋਟ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤਾਪਮਾਨ 3 ਡਿਗਰੀ ਹੇਠਾਂ ਆ ਕੇ 27.9 ਡਿਗਰੀ ਰਹਿ ਗਿਆ। ਉੱਧਰ ਰੋਪੜ ਦੇ ਭਾਖੜਾ ਡੈਮ ਇਲਾਕੇ ਵਿੱਚ 1.4 ਡਿਗਰੀ ਦੀ ਗਿਰਾਵਟ ਨਾਲ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿਨ ਵੇਲੇ ਧੁੱਪ, ਸਵੇਰੇ-ਸ਼ਾਮ ਠੰਢ ਦਾ ਰਹੇਗਾ ਅਸਰ
ਤਾਪਮਾਨ ਵਿੱਚ ਆ ਰਹੀ ਗਿਰਾਵਟ ਕਾਰਨ ਖ਼ਾਸ ਕਰਕੇ ਸਰਹੱਦੀ ਅਤੇ ਅਰਧ-ਪਹਾੜੀ ਇਲਾਕਿਆਂ ਵਿੱਚ ਸਵੇਰ ਤੇ ਸ਼ਾਮ ਨੂੰ ਠੰਢ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ ਦੁਪਹਿਰ ਸਮੇਂ ਧੁੱਪ ਕਾਰਨ ਮੌਸਮ ਮੁਕਾਬਲਤਨ ਗਰਮ ਰਹਿਣ ਦੀ ਸੰਭਾਵਨਾ ਹੈ। ਫਿਲਹਾਲ 5 ਨਵੰਬਰ ਤੱਕ ਮੀਂਹ ਦੀ ਕੋਈ ਪੇਸ਼ੀਨਗੋਈ ਨਹੀਂ ਕੀਤੀ ਗਈ ਹੈ।