ਚੰਡੀਗੜ੍ਹ :- ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ 6 ਅਕਤੂਬਰ ਨੂੰ ਪੰਜਾਬ ਦੌਰੇ ਤੇ ਆ ਰਹੇ ਹਨ। ਉਹ ਸ੍ਰੀ ਅਨੰਦਪੁਰ ਸਾਹਿਬ ਸਥਿਤ ਦਸਮੇਸ਼ ਮਾਰਸ਼ਲ ਅਕੈਡਮੀ ਵਿਖੇ ਪਹੁੰਚਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਜਾਣ ਦਾ ਪ੍ਰੋਗਰਾਮ ਹੈ। ਜਾਣਕਾਰੀ ਮੁਤਾਬਕ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਸੜਕ ਰਾਹੀਂ ਨੈਣਾ ਦੇਵੀ ਲਈ ਰਵਾਨਾ ਹੋਣਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਵਧਾਈ ਸੁਰੱਖਿਆ
ਰਾਸ਼ਟਰਪਤੀ ਦੀ ਆਮਦ ਨੂੰ ਦੇਖਦਿਆਂ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਰੂਪਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਤਹਿਤ 6 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਸਬ-ਡਿਵੀਜ਼ਨ ਵਿੱਚ ਅਸਲਾ ਲੈ ਕੇ ਚੱਲਣ ’ਤੇ ਪੂਰਨ ਪਾਬੰਦੀ ਰਹੇਗੀ। ਇਹ ਪਾਬੰਦੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਗਾਈ ਗਈ ਹੈ।
ਸੀਨੀਅਰ ਪੁਲਸ ਅਧਿਕਾਰੀਆਂ ਤੇ ਮਿਲਟਰੀ ਫੋਰਸ ਨੂੰ ਛੋਟ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਵਿੱਚ ਸੁਰੱਖਿਆ ਡਿਊਟੀ ਨਾਲ ਸਬੰਧਤ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਮਿਲਟਰੀ ਫੋਰਸ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਰਾਸ਼ਟਰਪਤੀ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਪ੍ਰੋਗਰਾਮ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
6 ਤੋਂ 8 ਅਕਤੂਬਰ ਤੱਕ ਹਿਮਾਚਲ ਦੌਰੇ ਦਾ ਪ੍ਰੋਗਰਾਮ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 6 ਤੋਂ 8 ਅਕਤੂਬਰ ਤੱਕ ਹਿਮਾਚਲ ਪ੍ਰਦੇਸ਼ ਦਾ ਦੌਰਾ ਵੀ ਤੈਅ ਦੱਸਿਆ ਗਿਆ ਹੈ। 6 ਅਕਤੂਬਰ ਨੂੰ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹ ਬਿਲਾਸਪੁਰ ਸਥਿਤ ਏਮਜ਼ ਦੇ ਪਹਿਲੇ ਕਨਵੋਕੇਸ਼ਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

