ਕੇਰਲ :- ਕੇਰਲ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨਾਲ ਸਬੰਧਤ ਕਰੀਬ ਦੋ ਦਹਾਕੇ ਪੁਰਾਣੇ ਮਾਮਲੇ ਦੀ ਮੁੜ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਨੇ ਸਾਲ 2006 ‘ਚ ਮਲੇਸ਼ੀਆਈ ਸਿਵਲ ਇੰਜੀਨੀਅਰ ਲੀ ਸੀ ਬੀਨ ਦੀ ਖੁਦਕੁਸ਼ੀ ਨਾਲ ਜੁੜੇ ਮਾਮਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਉਸ ਸਮੇਂ ਗਿਆਨੇਸ਼ ਕੁਮਾਰ ਕੇਰਲ ਦੇ ਲੋਕ ਨਿਰਮਾਣ ਵਿਭਾਗ (PWD) ਦੇ ਸਕੱਤਰ ਵਜੋਂ ਤਾਇਨਾਤ ਸਨ।
PWD ਦੇ ਸਕੱਤਰ ਸਨ ਗਿਆਨੇਸ਼ ਕੁਮਾਰ
ਲੀ ਸੀ ਬੀਨ ਕੇਰਲ ਸਟੇਟ ਟਰਾਂਸਪੋਰਟ ਪ੍ਰਾਜੈਕਟ ਅਧੀਨ ਐੱਮ.ਸੀ. ਰੋਡ ਦੇ ਅਪਗ੍ਰੇਡੇਸ਼ਨ ਨਾਲ ਜੁੜੇ PATI-BEL ਕਨਸੋਰਟੀਅਮ ਨਾਲ ਕੰਮ ਕਰ ਰਹੇ ਸਨ। ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਛੱਡੇ ਗਏ ਕਥਿਤ ਸੁਸਾਈਡ ਨੋਟ ‘ਚ ਉਸ ਸਮੇਂ ਦੇ PWD ਸਕੱਤਰ ਗਿਆਨੇਸ਼ ਕੁਮਾਰ ਦਾ ਨਾਂਅ ਵੀ ਦਰਜ ਸੀ। ਇਸ ਪੁਰਾਣੇ ਮਾਮਲੇ ਨੂੰ ਲੈ ਕੇ ਹੁਣ ਸਰਕਾਰ ਨੇ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਪੁਰਾਣੀ ਜਾਂਚ ‘ਤੇ ਵੀ ਉੱਠੇ ਸਵਾਲ
ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਜਾਂਚ ਸਿਰਫ਼ ਲੀ ਸੀ ਬੀਨ ਦੀ ਮੌਤ ਨਾਲ ਜੁੜੀਆਂ ਘਟਨਾਵਾਂ ਤੱਕ ਸੀਮਿਤ ਨਹੀਂ ਰਹੇਗੀ। ਉਸ ਸਮੇਂ ਹੋਈ ਜਾਂਚ ‘ਚ ਕਥਿਤ ਬੇਨਿਯਮੀਆਂ ਅਤੇ ਬਾਹਰੀ ਦਖ਼ਲ ਦੇ ਦੋਸ਼ਾਂ ਦੀ ਵੀ ਪੜਤਾਲ ਕੀਤੀ ਜਾਵੇਗੀ। ਦੋਸ਼ ਲਾਇਆ ਗਿਆ ਹੈ ਕਿ ਪਹਿਲੀ ਜਾਂਚ ਨੂੰ ਪ੍ਰਭਾਵਿਤ ਕੀਤਾ ਗਿਆ ਸੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕੀ। ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਵਿਜੀਲੈਂਸ ਡਾਇਰੈਕਟਰ ਨੂੰ ਜਾਂਚ ਦੇ ਨਿਰਦੇਸ਼
ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਨੇ ਵਿਜੀਲੈਂਸ ਡਾਇਰੈਕਟਰ ਨੂੰ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਕਿਹਾ ਹੈ। ਇਸ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਕਿਸੇ ਬਾਹਰੀ ਵਿਅਕਤੀ ਜਾਂ ਸੰਸਥਾ ਨੇ ਉਸ ਸਮੇਂ ਦੀ ਜਾਂਚ ‘ਤੇ ਦਬਾਅ ਪਾਇਆ ਜਾਂ ਕਿਸੇ ਤਰ੍ਹਾਂ ਦਖ਼ਲਅੰਦਾਜ਼ੀ ਕੀਤੀ ਸੀ। ਇਸ ਦੇ ਨਾਲ ਹੀ ਪਹਿਲੀ ਜਾਂਚ ਕਿਸ ਤਰੀਕੇ ਨਾਲ ਕੀਤੀ ਗਈ ਅਤੇ ਉਸ ‘ਚ ਕਿਹੜੇ ਤੱਥ ਸਾਹਮਣੇ ਆਏ ਸਨ, ਇਸ ਦੀ ਵੀ ਪੜਤਾਲ ਹੋਵੇਗੀ।
ਜਾਂਚ ਰਿਪੋਰਟ ਤੋਂ ਬਾਅਦ ਤੈਅ ਹੋਵੇਗੀ ਅਗਲੀ ਕਾਰਵਾਈ
ਸਰਕਾਰ ਨੇ ਫਿਲਹਾਲ ਵਿਜੀਲੈਂਸ ਨੂੰ ਮਾਮਲੇ ਦੇ ਸਾਰੇ ਦੋਸ਼ਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਂਚ ‘ਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਸਾਲ 2006 ਦੇ ਇਸ ਮਾਮਲੇ ‘ਚ ਅਸਲ ‘ਚ ਕੀ ਵਾਪਰਿਆ ਸੀ ਅਤੇ ਜਾਂਚ ‘ਚ ਬਾਹਰੀ ਦਖ਼ਲ ਦੇ ਦੋਸ਼ਾਂ ‘ਚ ਕਿੰਨੀ ਸੱਚਾਈ ਹੈ।

