ਹਿਸਾਰ :- ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਵੱਡੀ ਕਾਰਵਾਈ ਕਰਦਿਆਂ ਪੰਜ ਲੱਖ ਰੁਪਏ ਦੇ ਇਨਾਮੀ ਮੁਲਜ਼ਮ ਨੂੰ ਕਾਬੂ ਕੀਤਾ ਹੈ। ਹਿਸਾਰ STF ਦੀ ਟੀਮ ਨੇ ਮੁਲਜ਼ਮ ਨੂੰ ਰਾਜਗੜ੍ਹ ਰੋਡ ਸਥਿਤ ਬਾਈਪਾਸ ਫਲਾਈਓਵਰ ਨੇੜਿਓਂ ਗ੍ਰਿਫ਼ਤਾਰ ਕੀਤਾ। ਪੁਲਸ ਮੁਤਾਬਕ ਉਹ ਪੰਜਾਬ ਦੇ ਅਬੋਹਰ ’ਚ ਨਿਊ ਵੇਅਰਵੈੱਲ ਸ਼ੋਅਰੂਮ ਦੇ ਸੰਚਾਲਕ ਸੰਜੇ ਵਰਮਾ ਦੇ ਕਤਲ ਮਾਮਲੇ ’ਚ ਵੀ ਲੋੜੀਂਦਾ ਸੀ।
ਗੁਪਤ ਸੂਚਨਾ ’ਤੇ ਕੀਤੀ ਕਾਰਵਾਈ
ਪੁਲਸ ਅਨੁਸਾਰ STF ਨੂੰ ਮੁਲਜ਼ਮ ਬਾਰੇ ਖ਼ਾਸ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ ਰਾਜਗੜ੍ਹ ਰੋਡ ’ਤੇ ਬਾਈਪਾਸ ਫਲਾਈਓਵਰ ਨੇੜੇ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਨਾਲ ਜੁੜੇ ਹੋਰ ਮਾਮਲਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਅਬੋਹਰ ਦੇ ਕਤਲ ਮਾਮਲੇ ’ਚ ਵੀ ਸੀ ਲੋੜੀਂਦਾ
ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਬੋਹਰ ’ਚ ਸ਼ੋਅਰੂਮ ਸੰਚਾਲਕ ਸੰਜੇ ਵਰਮਾ ਦੇ ਕਤਲ ਦੇ ਮਾਮਲੇ ’ਚ ਲੰਬੇ ਸਮੇਂ ਤੋਂ ਲੋੜੀਂਦਾ ਸੀ। ਦੋਸ਼ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੰਜਾਬ ਪੁਲਸ ਨੇ ਰੱਖਿਆ ਸੀ 5 ਲੱਖ ਦਾ ਇਨਾਮ
ਕਤਲ ਮਾਮਲੇ ਤੋਂ ਬਾਅਦ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਸ ਵੱਲੋਂ ਉਸ ’ਤੇ ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਸ ਹੁਣ ਉਸ ਦੇ ਅਪਰਾਧਿਕ ਰਿਕਾਰਡ ਅਤੇ ਹੋਰ ਮਾਮਲਿਆਂ ਸਬੰਧੀ ਪੁੱਛਗਿੱਛ ਕਰ ਰਹੀ ਹੈ। ਅਗਲੀ ਕਾਨੂੰਨੀ ਕਾਰਵਾਈ ਸਬੰਧਤ ਪੁਲਸ ਟੀਮ ਵੱਲੋਂ ਕੀਤੀ ਜਾਵੇਗੀ।

