ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਸ਼ਨੀਵਾਰ ਸਵੇਰੇ HRTC ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਮਨਾਲੀ ਤੋਂ ਪਠਾਨਕੋਟ ਜਾ ਰਹੀ ਬੱਸ ਪੁਲਸ ਲਾਈਨ ਬਾਸ਼ਿੰਗ ਨੇੜੇ ਅਚਾਨਕ ਸੜਕ ’ਤੇ ਪਲਟ ਗਈ। ਹਾਦਸਾ ਕਰੀਬ ਸਵੇਰੇ 6 ਵਜੇ ਵਾਪਰਿਆ। ਬੱਸ ਵਿੱਚ ਸਵਾਰ ਡਰਾਈਵਰ ਅਤੇ ਕੰਡਕਟਰ ਸਮੇਤ 6 ਲੋਕ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਕੁੱਲੂ ਲਿਜਾਇਆ ਗਿਆ। ਜ਼ਖ਼ਮੀਆਂ ਵਿੱਚ ਡਰਾਈਵਰ ਮਨਮੋਹਨ ਸਿੰਘ, ਕੰਡਕਟਰ ਪ੍ਰਵੀਨ ਸਿੰਘ ਤੋਂ ਇਲਾਵਾ ਸ਼ਿਆਮ ਲਾਲ, ਕ੍ਰਿਸ਼ਨ ਥਾਪਾ, ਛਾਇਆ ਦੇਵੀ ਅਤੇ ਰਾਕੇਸ਼ ਕੁਮਾਰ ਸ਼ਾਮਲ ਹਨ।
ਬੱਸ ਪਲਟਣ ਦੇ ਕਾਰਨਾਂ ਦੀ ਜਾਂਚ
ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਬੱਸ ਨੰਬਰ HP-38-9738 ਮਨਾਲੀ ਤੋਂ ਪਠਾਨਕੋਟ ਜਾ ਰਹੀ ਸੀ। ਮੁੱਢਲੀ ਜਾਣਕਾਰੀ ਮੁਤਾਬਕ ਬੱਸ ਸੜਕ ’ਤੇ ਪਲਟਣ ਕਾਰਨ ਹਾਦਸਾ ਵਾਪਰਿਆ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਸ ਕਿਸ ਕਾਰਨ ਪਲਟੀ। ਪੁਲਸ ਵੱਲੋਂ ਡਰਾਈਵਰ, ਕੰਡਕਟਰ ਅਤੇ ਮੌਕੇ ’ਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ।

