ਟਹਿਣਾ :- ਥਾਣਾ ਸਦਰ ਅਧੀਨ ਪਿੰਡ ਟਹਿਣਾ ਨੇੜੇ ਰਜਵਾਹੇ ’ਚੋਂ ਕਰੀਬ 6 ਸਾਲਾ ਅਣਪਛਾਤੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ’ਚ ਚਰਚਾ ਫੈਲ ਗਈ। ਬੱਚੇ ਦੇ ਹੱਥ-ਪੈਰ ਬਾਰੀਕ ਲੋਹੇ ਦੀ ਤਾਰ ਨਾਲ ਬੰਨ੍ਹੇ ਹੋਏ ਸਨ। ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਚੌਕੀਦਾਰ ਨੇ ਪੁਲਸ ਨੂੰ ਦਿੱਤੀ ਸੂਚਨਾ
ਪਿੰਡ ਦੇ ਚੌਕੀਦਾਰ ਜਗਸੀਰ ਸਿੰਘ ਨੇ ਰਜਵਾਹੇ ਦੇ ਪੁਲ ਨੇੜੇ ਬੱਚੇ ਦੀ ਲਾਸ਼ ਫਸੀ ਹੋਈ ਦੇਖੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਸਬ-ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਹਾਰਾ ਸੋਸਾਇਟੀ ਦੇ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਰਜਵਾਹੇ ’ਚੋਂ ਬਾਹਰ ਕੱਢਿਆ।
ਪੁਲਸ ਨੇ ਕਤਲ ਦਾ ਕੇਸ ਦਰਜ ਕੀਤਾ
ਪੁਲਸ ਮੁਤਾਬਕ ਬੱਚੇ ਨੇ ਖਾਕੀ ਰੰਗ ਦੀ ਟੀ-ਸ਼ਰਟ, ਕਾਲੀ ਹਾਫ਼ ਪੈਂਟ ਅਤੇ ਪੈਰਾਂ ’ਚ ਸੈਂਡਲ ਪਾਏ ਹੋਏ ਸਨ। ਹੱਥ-ਪੈਰ ਤਾਰ ਨਾਲ ਬੰਨ੍ਹੇ ਹੋਣ ਕਾਰਨ ਪੁਲਸ ਨੂੰ ਸ਼ੱਕ ਹੈ ਕਿ ਬੱਚੇ ਦੀ ਹੱਤਿਆ ਕਰਕੇ ਲਾਸ਼ ਰਜਵਾਹੇ ’ਚ ਸੁੱਟੀ ਗਈ ਹੋ ਸਕਦੀ ਹੈ। ਚੌਕੀਦਾਰ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪਛਾਣ ਲਈ ਮੋਰਚਰੀ ’ਚ ਰੱਖੀ ਲਾਸ਼
ਪੁਲਸ ਨੇ ਬੱਚੇ ਦੀ ਲਾਸ਼ ਨੂੰ ਪਛਾਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਬੱਚੇ ਦੀ ਪਛਾਣ ਲਈ ਨੇੜਲੇ ਥਾਣਿਆਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪਛਾਣ ਹੋਣ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

