ਅੰਮ੍ਰਿਤਸਰ :- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਉਸ ਬਿਆਨ ਦਾ ਕੜੇ ਸ਼ਬਦਾਂ ‘ਚ ਵਿਰੋਧ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਆਈ ਹੜ੍ਹ ਦਾ ਮੁੱਖ ਕਾਰਨ ਗੈਰ-ਕਾਨੂੰਨੀ ਮਾਈਨਿੰਗ ਹੈ। ਧਾਲੀਵਾਲ ਨੇ ਕਿਹਾ ਕਿ ਇਹ ਬਿਆਨ ਪੂਰੀ ਤਰ੍ਹਾਂ ਗਲਤ ਤੇ ਬੁਨਿਆਦਹੀਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਨਦੀਆਂ ਦੀ ਡੀ-ਸਿਲਟਿੰਗ ਲਈ ਕੇਂਦਰ ਤੋਂ ਆਗਿਆ ਮੰਗੀ ਪਰ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਨਾ ਹੀ ਨਦੀਆਂ ਦੀ ਸਫ਼ਾਈ ਲਈ ਕੇਂਦਰ ਵੱਲੋਂ ਕੋਈ ਕਦਮ ਚੁੱਕਿਆ ਗਿਆ ਅਤੇ ਨਾ ਹੀ ਕੋਈ ਫੰਡ ਜਾਰੀ ਕੀਤਾ ਗਿਆ।
ਰਾਵੀ ਦਰਿਆ ‘ਤੇ ਮਾਈਨਿੰਗ ਅਸੰਭਵ: ਧਾਲੀਵਾਲ
ਧਾਲੀਵਾਲ ਨੇ ਕਿਹਾ ਕਿ ਅਜਨਾਲਾ ਰਾਵੀ ਦਰਿਆ ਦੇ ਕੰਢੇ ਵਸਦਾ ਹੈ ਅਤੇ ਉਨ੍ਹਾਂ ਨੇ ਚੁਣੌਤੀ ਦਿੱਤੀ ਕਿ ਕੇਂਦਰੀ ਮੰਤਰੀ ਦੱਸਣ ਕਿ ਰਾਵੀ ਦਰਿਆ ਵਿੱਚ ਕਿੱਥੋਂ ਮਾਈਨਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਉੱਥੇ ਹਮੇਸ਼ਾ ਬੀ.ਐੱਸ.ਐੱਫ. ਦੀ ਤੈਨਾਤੀ ਰਹਿੰਦੀ ਹੈ ਅਤੇ ਉਥੇ ਮਾਈਨਿੰਗ ਕਰਨੀ ਸੰਭਵ ਹੀ ਨਹੀਂ। ਧਾਲੀਵਾਲ ਨੇ ਦੱਸਿਆ ਕਿ ਕਈ ਵਾਰ ਬੀ.ਐੱਸ.ਐੱਫ. ਤੋਂ ਨਦੀ ਦੀ ਡੀ-ਸਿਲਟਿੰਗ ਲਈ ਐਨ.ਓ.ਸੀ. ਮੰਗੀ ਗਈ ਸੀ ਅਤੇ ਬ੍ਰਿਗੇਡੀਅਰ ਨਾਲ ਮੀਟਿੰਗ ਤੋਂ ਬਾਅਦ ਮਨਜ਼ੂਰੀ ਮਿਲੀ। ਇਸ ਵੇਲੇ ਉਸ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਅਕਤੂਬਰ ਤੱਕ ਸਫ਼ਾਈ ਦਾ ਕੰਮ ਮੁਕੰਮਲ ਹੋਵੇਗਾ।
ਭਾਜਪਾ ‘ਤੇ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼
ਧਾਲੀਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਕਹਿਣਾ ਕਿ ਉੱਥੇ ਅਵੈਧ ਮਾਈਨਿੰਗ ਹੋਈ ਹੈ, ਬਿਲਕੁਲ ਗਲਤ ਹੈ। “ਉਹ ਸਾਬਤ ਕਰਨ ਕਿ ਬੀ.ਐੱਸ.ਐੱਫ. ਦੀ ਮੌਜੂਦਗੀ ਵਿੱਚ ਮਾਈਨਿੰਗ ਕਿਵੇਂ ਹੋ ਸਕਦੀ ਹੈ? ਸਾਨੂੰ ਤਾਂ ਸਿਰਫ਼ ਸਫ਼ਾਈ ਦੀ ਆਗਿਆ ਵੱਡੀ ਮੁਸ਼ਕਲ ਨਾਲ ਮਿਲੀ ਹੈ,” ਉਨ੍ਹਾਂ ਕਿਹਾ। ਧਾਲੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਪੰਜਾਬ ਨਾਲ ਧੱਕਾ ਕਰਨ ‘ਤੇ ਅਡੀਕ ਹੈ ਅਤੇ ਪੰਜਾਬ ਨੂੰ ਹੱਕ ਦੇਣ ਦੇ ਮੂਡ ‘ਚ ਨਹੀਂ।
ਕੇਂਦਰ ਤੋਂ 60,000 ਕਰੋੜ ਰੁਪਏ ਜਾਰੀ ਕਰਨ ਦੀ ਮੰਗ
ਉਨ੍ਹਾਂ ਦਾਅਵਾ ਕੀਤਾ ਕਿ ਸੱਤ ਮਹੀਨੇ ਪਹਿਲਾਂ 170 ਕਰੋੜ ਰੁਪਏ ਦਾ ਪ੍ਰਸਤਾਵ ਕੇਂਦਰ ਨੂੰ ਭੇਜਿਆ ਗਿਆ ਸੀ ਪਰ ਅਜੇ ਤੱਕ ਇੱਕ ਵੀ ਪੈਸਾ ਜਾਰੀ ਨਹੀਂ ਕੀਤਾ ਗਿਆ। ਧਾਲੀਵਾਲ ਨੇ ਮੰਗ ਕੀਤੀ ਕਿ ਪੰਜਾਬ ਦਾ 60,000 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਹੜ੍ਹ ਪੀੜਤ ਇਲਾਕਿਆਂ ਤੱਕ ਮਦਦ ਪਹੁੰਚ ਸਕੇ।