ਸ਼੍ਰੀ ਮੁਕਤਸਰ ਸਾਹਿਬ :- ਕੋਟਲੀ ਰੋਡ ਨੇੜੇ ਕਾਲੂ ਕੀ ਵਾੜੀ ਕੋਲੋਂ ਲੰਘਦੇ ਰਜਬਾਹੇ ਵਿੱਚ ਅੱਜ ਸਵੇਰੇ ਪਿਆ ਪਾੜ ਸਥਾਨਕ ਲੋਕਾਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਰਜਬਾਹਾ ਟੁੱਟ ਗਿਆ ਅਤੇ ਸ਼ਹਿਰ ਦੀ ਸੰਘਣੀ ਬਸਤੀ ਵੱਲ ਪਾਣੀ ਵਗਣਾ ਸ਼ੁਰੂ ਹੋ ਗਿਆ।
ਲੋਕਾਂ ਨੇ ਆਪਣੇ ਹੀ ਪੱਧਰ ‘ਤੇ ਕੀਤਾ ਸੰਘਰਸ਼
ਪ੍ਰਸ਼ਾਸਨ ਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਦੀ ਗੈਰਹਾਜ਼ਰੀ ਕਾਰਨ, ਬਸਤੀ ਵਾਸੀਆਂ ਨੇ ਆਪ ਹੀ ਰਾਹ ਬਣਾਇਆ। ਉਹਨਾਂ ਨੇ ਛੋਟੇ ਬੱਚਿਆਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਖਾਲੀ ਬੋਰੇ ਇਕੱਠੇ ਕਰਕੇ ਮਿੱਟੀ ਭਰੀ ਅਤੇ ਪਾਣੀ ਦੇ ਰੁਖ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਹਰ ਸਾਲ ਦੁਹਰਾਈ ਜਾਂਦੀ ਸਮੱਸਿਆ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਰਜਬਾਹਾ ਲਗਭਗ ਹਰ ਸਾਲ ਟੁੱਟਦਾ ਹੈ ਪਰ ਨਹਿਰ ਵਿਭਾਗ ਵੱਲੋਂ ਅਜੇ ਤੱਕ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਉਹ ਹਮੇਸ਼ਾਂ ਹੀ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਹਨ ਪਰ ਸੁਣਵਾਈ ਨਾ ਹੋਣ ਕਰਕੇ ਹਰ ਵਾਰੀ ਉਹਨਾਂ ਨੂੰ ਆਪਣੇ ਹੀ ਪੱਧਰ ਉੱਪਰ ਸੰਘਰਸ਼ ਕਰਨਾ ਪੈਂਦਾ ਹੈ।
ਪ੍ਰਸ਼ਾਸਨ ਦੀ ਗੈਰਹਾਜ਼ਰੀ ‘ਤੇ ਲੋਕਾਂ ਵਿੱਚ ਨਾਰਾਜ਼ਗੀ
ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇ ਉਹ ਆਪ ਤੁਰੰਤ ਕਾਰਵਾਈ ਨਾ ਕਰਦੇ ਤਾਂ ਬਸਤੀ ਵਿੱਚ ਵੱਡਾ ਹਾਦਸਾ ਵਾਪਰ ਸਕਦਾ ਸੀ। ਉਹਨਾਂ ਨੇ ਪ੍ਰਸ਼ਾਸਨ ਤੇ ਨਹਿਰ ਵਿਭਾਗ ਵੱਲੋਂ ਲਾਪਰਵਾਹੀ ਨੂੰ ਲੈ ਕੇ ਗਹਿਰੀ ਨਾਰਾਜ਼ਗੀ ਜ਼ਾਹਰ ਕੀਤੀ ਹੈ।