ਪੀ.ਵੀ. ਸਿੰਧੂ, ਹਰਮਨਪ੍ਰੀਤ ਸਿੰਘ, ਸਾਤਵਿਕ-ਚਿਰਾਗ ਤੇ ਮੀਰਾਬਾਈ ਚਾਨੂ ਵਰਗੇ ਤਜਰਬੇਕਾਰ ਖਿਡਾਰੀਆਂ ਦੇ ਨਾਲ ਨਵੇਂ ਚਿਹਰੇ ਵੀ ਦਿਖਾਉਣਗੇ ਦਮ
ਨਵੀਂ ਦਿੱਲੀ :- ਜਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2026 ਭਾਰਤੀ ਖੇਡਾਂ ਲਈ ਨਵੇਂ ਤੇ ਪੁਰਾਣੇ ਦੋਵਾਂ ਤਰ੍ਹਾਂ ਦੇ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਵੱਡਾ ਮੰਚ ਦੇਣਗੀਆਂ। ਭਾਰਤੀ ਦਲ ’ਚ ਪੀ.ਵੀ. ਸਿੰਧੂ, ਹਰਮਨਪ੍ਰੀਤ ਸਿੰਘ, ਸਾਤਵਿਕਸਾਈਰਾਜ ਰੰਕੀਰੈੱਡੀ, ਚਿਰਾਗ ਸ਼ੈੱਟੀ, ਮੀਰਾਬਾਈ ਚਾਨੂ ਅਤੇ ਤਜਿੰਦਰਪਾਲ ਸਿੰਘ ਤੂਰ ਵਰਗੇ ਸਥਾਪਤ ਨਾਮ ਸ਼ਾਮਲ ਹਨ। ਇਸ ਦੇ ਨਾਲ ਹੀ ਕਈ ਨੌਜਵਾਨ ਖਿਡਾਰੀ ਪਹਿਲੀ ਵਾਰ ਏਸ਼ੀਆਈ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਅਯੂਸ਼ ਸ਼ੈੱਟੀ ’ਤੇ ਬੈਡਮਿੰਟਨ ’ਚ ਨਜ਼ਰਾਂ
21 ਸਾਲਾ ਅਯੂਸ਼ ਸ਼ੈੱਟੀ ਨੇ ਘੱਟ ਉਮਰ ’ਚ ਹੀ ਵੱਡੇ ਮੁਕਾਬਲਿਆਂ ’ਚ ਆਪਣੀ ਸਮਰੱਥਾ ਦਾ ਸਬੂਤ ਦਿੱਤਾ ਹੈ। ਉਹ ਥਾਮਸ ਕੱਪ ’ਚ ਕਾਂਸੀ ਦਾ ਤਗਮਾ ਜਿੱਤ ਚੁੱਕਾ ਹੈ, ਜਦਕਿ ਏਸ਼ੀਆਈ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਉਸ ਦੇ ਨਾਮ ਹੈ। ਹਾਲ ਹੀ ਦੀ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਸ ਨੇ ਉਸ ਸਮੇਂ ਦੇ ਵਿਸ਼ਵ ਨੰਬਰ ਇਕ ਅਤੇ ਮੌਜੂਦਾ ਚੈਂਪੀਅਨ ਸ਼ੀ ਯੂਕੀ ਨੂੰ ਹਰਾਕੇ ਵੀ ਸੁਰਖੀਆਂ ਬਟੋਰੀਆਂ। ਵੱਡੇ ਖਿਡਾਰੀਆਂ ਖ਼ਿਲਾਫ਼ ਉਸ ਦਾ ਪ੍ਰਦਰਸ਼ਨ ਏਸ਼ੀਆਈ ਖੇਡਾਂ ’ਚ ਉਸ ਨੂੰ ਮਹੱਤਵਪੂਰਨ ਖਿਡਾਰੀ ਬਣਾ ਸਕਦਾ ਹੈ।
ਨੀਰਜ ਚੋਪੜਾ ਦੀ ਗੈਰਹਾਜ਼ਰੀ ’ਚ ਰੋਹਿਤ ਯਾਦਵ ’ਤੇ ਉਮੀਦਾਂ
ਭਾਰਤੀ ਜੈਵਲਿਨ ਥ੍ਰੋ ਟੀਮ ’ਚ ਨੀਰਜ ਚੋਪੜਾ ਦੇ ਨਾ ਖੇਡਣ ਕਾਰਨ ਰੋਹਿਤ ਯਾਦਵ ’ਤੇ ਖ਼ਾਸ ਨਜ਼ਰ ਰਹੇਗੀ। 25 ਸਾਲਾ ਰੋਹਿਤ ਨੇ ਇਸ ਸੀਜ਼ਨ ਦੌਰਾਨ ਦੋ ਵਾਰ 87 ਮੀਟਰ ਤੋਂ ਵੱਧ ਦੂਰੀ ’ਤੇ ਭਾਲਾ ਸੁੱਟਿਆ ਹੈ। ਭੁਵਨੇਸ਼ਵਰ ’ਚ ਹੋਏ ਵਰਲਡ ਐਥਲੈਟਿਕਸ ਕਾਂਟੀਨੈਂਟਲ ਟੂਰ ਸਿਲਵਰ ਮੁਕਾਬਲੇ ’ਚ ਉਸ ਨੇ 87.68 ਮੀਟਰ ਦੀ ਦੂਰੀ ਨਾਲ ਸੋਨ ਤਗਮਾ ਜਿੱਤਿਆ ਸੀ। ਏਸ਼ੀਆ ’ਚ ਜੈਵਲਿਨ ਥ੍ਰੋ ਦਾ ਮੁਕਾਬਲਾ ਕਾਫ਼ੀ ਸਖ਼ਤ ਹੋਣ ਕਾਰਨ ਰੋਹਿਤ ਲਈ ਇਹ ਡੈਬਿਊ ਵੱਡੀ ਚੁਣੌਤੀ ਹੋਵੇਗਾ।
ਕੁਸ਼ਤੀ ’ਚ ਸੁਜੀਤ ਕਲਕਲ ਦੀ ਪਹਿਲੀ ਵੱਡੀ ਪਰਖ
ਹਰਿਆਣਾ ਦੇ 23 ਸਾਲਾ ਸੁਜੀਤ ਕਲਕਲ ਨੇ 65 ਕਿਲੋਗ੍ਰਾਮ ਫ੍ਰੀਸਟਾਈਲ ਵਰਗ ’ਚ ਆਪਣੀ ਪਛਾਣ ਬਣਾਈ ਹੈ। ਇਸ ਸਾਲ ਬਿਸ਼ਕੇਕ ’ਚ ਹੋਈ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਉਸ ਨੇ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਹ ਅੰਡਰ-23 ਪੱਧਰ ’ਤੇ ਵੀ ਸੋਨ ਤਗਮਾ ਆਪਣੇ ਨਾਮ ਕਰ ਚੁੱਕਾ ਹੈ ਅਤੇ 2022 ਦੀ ਅੰਡਰ-20 ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਏਸ਼ੀਆਈ ਖੇਡਾਂ ’ਚ ਪਹਿਲੀ ਵਾਰ ਉਤਰ ਰਹੇ ਸੁਜੀਤ ਲਈ ਇਹ ਮੁਕਾਬਲਾ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ।
ਮੁੱਕੇਬਾਜ਼ੀ ’ਚ ਸਾਕਸ਼ੀ ਚੌਧਰੀ ਦਾ ਡੈਬਿਊ
ਸਾਕਸ਼ੀ ਚੌਧਰੀ ਨੇ 2026 ਦੀਆਂ ਕਾਮਨਵੈਲਥ ਖੇਡਾਂ ’ਚ ਮਹਿਲਾਵਾਂ ਦੇ 51 ਕਿਲੋਗ੍ਰਾਮ ਵਰਗ ਦਾ ਸੋਨ ਤਗਮਾ ਜਿੱਤਿਆ ਸੀ। ਭਾਰਤੀ ਮੁੱਕੇਬਾਜ਼ੀ ਟੀਮ ਨੇ ਇਨ੍ਹਾਂ ਖੇਡਾਂ ’ਚ ਕੁੱਲ 10 ਤਗਮੇ ਜਿੱਤੇ ਸਨ। ਸਾਕਸ਼ੀ ਇਸ ਤੋਂ ਪਹਿਲਾਂ 54 ਕਿਲੋਗ੍ਰਾਮ ਵਰਗ ’ਚ ਵਰਲਡ ਬਾਕਸਿੰਗ ਕੱਪ ਦਾ ਸੋਨ ਤਗਮਾ ਵੀ ਜਿੱਤ ਚੁੱਕੀ ਹੈ ਅਤੇ 2021 ਦੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਉਸ ਦੇ ਨਾਮ ਰਿਹਾ। ਹੁਣ ਏਸ਼ੀਆਈ ਖੇਡਾਂ ਦਾ ਮੰਚ ਉਸ ਲਈ ਇੱਕ ਹੋਰ ਵੱਡਾ ਅੰਤਰਰਾਸ਼ਟਰੀ ਇਮਤਿਹਾਨ ਹੋਵੇਗਾ।
ਸ਼ੂਟਿੰਗ ’ਚ 20 ਸਾਲਾ ਸੁਰੁਚੀ ਫੋਗਾਟ ਤੋਂ ਉਮੀਦਾਂ
10 ਮੀਟਰ ਏਅਰ ਪਿਸਟਲ ਦੀ ਨਿਸ਼ਾਨੇਬਾਜ਼ ਸੁਰੁਚੀ ਫੋਗਾਟ ਨੇ ਛੋਟੀ ਉਮਰ ’ਚ ਹੀ ਕੌਮਾਂਤਰੀ ਪੱਧਰ ’ਤੇ ਕਈ ਪ੍ਰਾਪਤੀਆਂ ਕੀਤੀਆਂ ਹਨ। ਉਹ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ’ਚ ਪੰਜ ਸੋਨ ਤਗਮੇ ਜਿੱਤ ਚੁੱਕੀ ਹੈ। ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਉਹ ਹਿੱਸਾ ਰਹੀ। ਇਸ ਤੋਂ ਇਲਾਵਾ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਫਾਈਨਲ ’ਚ ਉਸ ਨੇ ਸੋਨ ਤਗਮਾ ਜਿੱਤਿਆ। ਲੀਮਾ ਵਿਸ਼ਵ ਕੱਪ ’ਚ ਉਸ ਨੇ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ ਸੀ। ਏਸ਼ੀਆਈ ਖੇਡਾਂ ’ਚ ਉਸ ਦਾ ਪਹਿਲਾ ਪ੍ਰਦਰਸ਼ਨ ਹੁਣ ਖ਼ਾਸ ਧਿਆਨ ਦਾ ਕੇਂਦਰ ਰਹੇਗਾ।

