ਜੰਮੂ :- ਇਸ ਸਾਲ ਮਾਨਸੂਨ ਦੀ ਬੇਮੌਸਮੀ ਤੇ ਲਗਾਤਾਰ ਬਾਰਿਸ਼ ਨੇ ਦੇਸ਼ ਦੇ ਕਈ ਰਾਜਾਂ ਸਮੇਤ ਜੰਮੂ-ਕਸ਼ਮੀਰ ਵਿੱਚ ਵੀ ਤਬਾਹੀ ਮਚਾ ਦਿੱਤੀ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਕਾਰਨ ਪਿੰਡਾਂ ਤੋਂ ਸ਼ਹਿਰਾਂ ਤੱਕ ਪਾਣੀ ਭਰ ਗਿਆ। ਇਸ ਹੜ੍ਹ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਜ਼ਾਰਾਂ ਹੈਕਟੇਅਰ ਖੇਤੀਬਾੜੀ ਜ਼ਮੀਨ ਹੜ੍ਹ ਹੇਠ, ਫ਼ਸਲਾਂ ਬਰਬਾਦ
ਮਿਲੀ ਜਾਣਕਾਰੀ ਮੁਤਾਬਕ, ਜੰਮੂ-ਕਸ਼ਮੀਰ ਵਿੱਚ 25,850 ਹੈਕਟੇਅਰ ਖੇਤੀਬਾੜੀ ਰਕਬਾ ਭਾਰੀ ਮੀਂਹ ਕਾਰਨ ਹੜ੍ਹ ਹੇਠ ਆ ਗਿਆ ਹੈ। ਇਨ੍ਹਾਂ ਵਿੱਚ ਝੋਨਾ, ਮੱਕੀ, ਬਾਜਰਾ, ਦਾਲਾਂ, ਚਾਰਾ ਤੇ ਸਬਜ਼ੀਆਂ ਵਰਗੀਆਂ ਫ਼ਸਲਾਂ ਨੂੰ ਬੇਹੱਦ ਨੁਕਸਾਨ ਪਹੁੰਚਿਆ ਹੈ। ਸਭ ਤੋਂ ਵੱਧ 19,441 ਹੈਕਟੇਅਰ ਰਕਬੇ ਵਿੱਚ ਫ਼ਸਲਾਂ ਦੀ ਤਬਾਹੀ 33 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ।
ਝੋਨੇ ਅਤੇ ਮੱਕੀ ਦੀ ਫ਼ਸਲ ਸਭ ਤੋਂ ਵੱਧ ਪ੍ਰਭਾਵਿਤ
ਇਲਾਕੇ ਵਿੱਚ ਕੁੱਲ 85,864 ਹੈਕਟੇਅਰ ਰਕਬੇ ਵਿੱਚ ਸਾਉਣੀ ਦੀ ਫ਼ਸਲ ਉਗਾਈ ਗਈ ਸੀ, ਜਿਸ ਵਿੱਚੋਂ ਕੇਵਲ ਝੋਨਾ ਹੀ 46,800 ਹੈਕਟੇਅਰ ਵਿੱਚ ਵਿਆਪਕ ਤੌਰ ‘ਤੇ ਬੀਜਿਆ ਗਿਆ ਸੀ। ਪਰ ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ 11,500 ਹੈਕਟੇਅਰ ਰਕਬੇ ਵਿੱਚ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੱਕੀ ਦੇ ਖੇਤ ਵੀ ਹੜ੍ਹ ਦੇ ਪਾਣੀ ਨਾਲ ਡੁੱਬ ਗਏ ਹਨ।
ਉਪਜਾਊ ਮਿੱਟੀ ਵੀ ਬਹਿ ਗਈ, ਆਰਥਿਕਤਾ ਨੂੰ ਝਟਕਾ
ਹੜ੍ਹ ਦੇ ਪਾਣੀ ਨੇ ਨਾ ਸਿਰਫ਼ ਖੇਤਾਂ ਨੂੰ ਡੁਬੋਇਆ, ਸਗੋਂ ਉਪਜਾਊ ਮਿੱਟੀ ਨੂੰ ਵੀ ਰੋੜ੍ਹ ਕੇ ਲੈ ਗਿਆ। ਇਸ ਨਾਲ ਖੇਤੀਬਾੜੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਿਆ ਹੈ। ਝੋਨਾ ਅਤੇ ਸੇਬ ਦੇ ਬਾਗਾਂ ਸਮੇਤ ਕਈ ਹੋਰ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨ ਹੌਸਲਾ ਹਾਰਦੇ ਦਿਖ ਰਹੇ ਹਨ।