ਪਠਾਨਕੋਟ :- ਸਾਊਦੀ ਅਰਬ ਵਿੱਚ ਕਰੀਬ ਤਿੰਨ ਸਾਲ ਤੋਂ ਜੇਲ੍ਹ ਵਿੱਚ ਬੰਦ ਪਠਾਨਕੋਟ ਵਾਸੀ ਸਿੱਖ ਟਰੱਕ ਡਰਾਈਵਰ ਬਲਜਿੰਦਰ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਜੁੜੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਟਰੱਕ ਦੀ ਜਾਂਚ ਦੌਰਾਨ ਦਵਾਈਆਂ ਦੇ ਪੈਕੇਟ ’ਚੋਂ ਨਸ਼ੀਲਾ ਪਦਾਰਥ ਮਿਲਣ ਦਾ ਦਾਅਵਾ
ਪਰਿਵਾਰ ਮੁਤਾਬਕ ਇਹ ਮਾਮਲਾ ਕਰੀਬ ਤਿੰਨ ਸਾਲ ਪਹਿਲਾਂ ਦਾ ਹੈ। ਬਲਜਿੰਦਰ ਦੁਬਈ ਤੋਂ ਸਾਊਦੀ ਅਰਬ ਵੱਲ ਟਰੱਕ ਲੈ ਕੇ ਜਾ ਰਿਹਾ ਸੀ। ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਜਾਂਚ ਦੌਰਾਨ ਉਸਦੇ ਟਰੱਕ ਦੀ ਸਕੈਨਿੰਗ ਕੀਤੀ ਗਈ। ਇਸ ਦੌਰਾਨ ਇੱਕ ਪੈਕੇਟ ਨੂੰ ਸ਼ੱਕੀ ਮੰਨਦਿਆਂ ਉਸ ਦੀ ਤਲਾਸ਼ੀ ਲਈ ਗਈ। ਪਰਿਵਾਰ ਦਾ ਦਾਅਵਾ ਹੈ ਕਿ ਦਵਾਈਆਂ ਦੇ ਡੱਬੇ ਵਿੱਚੋਂ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਤੋਂ ਬਾਅਦ ਸਾਊਦੀ ਪੁਲਸ ਨੇ ਬਲਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ।
ਪਰਿਵਾਰ ਦਾ ਦਾਅਵਾ, ਪੈਕੇਟ ’ਚ ਕੀ ਸੀ ਇਸ ਬਾਰੇ ਨਹੀਂ ਸੀ ਜਾਣਕਾਰੀ
ਬਲਜਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਜਾਣਕਾਰ ਨੇ ਉਸਨੂੰ ਆਪਣੇ ਬਿਮਾਰ ਪਿਤਾ ਲਈ ਦਵਾਈ ਪਹੁੰਚਾਉਣ ਦੇ ਨਾਂ ’ਤੇ ਇਹ ਪੈਕੇਟ ਦਿੱਤਾ ਸੀ। ਪਰਿਵਾਰ ਮੁਤਾਬਕ ਬਲਜਿੰਦਰ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਪੈਕੇਟ ਵਿੱਚ ਦਵਾਈਆਂ ਤੋਂ ਇਲਾਵਾ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਵੀ ਮੌਜੂਦ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਹ ਲਗਾਤਾਰ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ।
ਫਾਂਸੀ ਦੀ ਸਜ਼ਾ ਦੀ ਖ਼ਬਰ ਨਾਲ ਪਰਿਵਾਰ ’ਤੇ ਟੁੱਟਿਆ ਸੰਕਟ
ਬਲਜਿੰਦਰ ਦੇ ਪਰਿਵਾਰ ਵਿੱਚ ਉਸਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਹਨ। ਮਾਤਾ ਗੁਰਮੀਤ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਦੀ ਉਮਰ ਵੀ ਵਧੇਰੇ ਹੈ। ਪਰਿਵਾਰ ਮੁਤਾਬਕ ਬਲਜਿੰਦਰ ਹੀ ਘਰ ਦੀ ਆਮਦਨ ਦਾ ਮੁੱਖ ਸਾਧਨ ਸੀ। ਉਸਦੀ ਗੈਰਹਾਜ਼ਰੀ ਕਾਰਨ ਪਰਿਵਾਰ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਫਾਂਸੀ ਦੀ ਸਜ਼ਾ ਦੀ ਜਾਣਕਾਰੀ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਸਾਊਦੀ ਸਰਕਾਰ ਨਾਲ ਗੱਲਬਾਤ ਕਰਕੇ ਸਜ਼ਾ ਮੁਆਫ਼ ਕਰਵਾਉਣ ਦੀ ਮੰਗ
ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਵਿੱਚ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਅਪੀਲ ਹੈ ਕਿ ਸਾਊਦੀ ਅਰਬ ਸਰਕਾਰ ਨਾਲ ਕੂਟਨੀਤਕ ਅਤੇ ਕਾਨੂੰਨੀ ਪੱਧਰ ਤੇ ਗੱਲਬਾਤ ਕੀਤੀ ਜਾਵੇ। ਪਰਿਵਾਰ ਚਾਹੁੰਦਾ ਹੈ ਕਿ ਬਲਜਿੰਦਰ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਅਤੇ ਉਸਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ।

