ਤਾਮਿਲਨਾਡੂ :- ਤਾਮਿਲਨਾਡੂ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਵਿੱਚ ਮੋਬਾਈਲ ਫ਼ੋਨ ਲੈ ਕੇ ਜਾਣ ’ਤੇ ਲਗਾਈ ਗਈ ਰੋਕ ਤੋਂ ਬਾਅਦ ਮੰਦਰਾਂ ਦੇ ਅੰਦਰ ਦਾ ਦ੍ਰਿਸ਼ ਪੂਰੀ ਤਰ੍ਹਾਂ ਬਦਲ ਗਿਆ ਹੈ। ਕਾਂਚੀਪੁਰਮ ਸਥਿਤ ਮਸ਼ਹੂਰ ਦੇਵਰਾਜਸਵਾਮੀ ਅਥਿ ਵਰਦਰਾਜ ਮੰਦਰ ਸਮੇਤ ਹੋਰ ਵੱਡੇ ਧਾਰਮਿਕ ਸਥਾਨਾਂ ਵਿੱਚ ਹੁਣ ਨੌਜਵਾਨਾਂ ਦੀ ਥਾਂ ਜ਼ਿਆਦਾਤਰ ਬਜ਼ੁਰਗ ਅਤੇ ਅੱਧਖੜ ਉਮਰ ਦੇ ਸ਼ਰਧਾਲੂ ਹੀ ਨਜ਼ਰ ਆ ਰਹੇ ਹਨ। ਪ੍ਰਬੰਧਕੀ ਅੰਕੜਿਆਂ ਮੁਤਾਬਕ ਫ਼ੋਨ ਬੈਨ ਲਾਗੂ ਹੋਣ ਤੋਂ ਬਾਅਦ ਰੋਜ਼ਾਨਾ ਆਉਣ ਵਾਲੇ ਸੰਗਤ ਦੀ ਆਮਦ ਵਿੱਚ ਲਗਭਗ 20 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸੋਸ਼ਲ ਮੀਡੀਆ ਕੰਟੈਂਟ ਬਣਾਉਣ ਵਾਲੇ ਯੂਥ ਨੇ ਬਣਾਈ ਦੂਰੀ
ਮੰਦਰ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਸ਼ਰਧਾਲੂਆਂ ਦੀ ਗਿਣਤੀ ਵਿੱਚ ਆਈ ਇਸ ਕਮੀ ਦਾ ਸਭ ਤੋਂ ਵੱਡਾ ਅਸਰ ਨੌਜਵਾਨ ਵਰਗ ‘ਤੇ ਪਿਆ ਹੈ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਨੌਜਵਾਨ ਦਰਸ਼ਨਾਂ ਦੇ ਨਾਲ-ਨਾਲ ਮੰਦਰ ਪਰਿਸਰ ਵਿੱਚ ਸੈਲਫ਼ੀਆਂ ਲੈਣ, ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਲਈ ਸਮੱਗਰੀ ਤਿਆਰ ਕਰਨ ਆਉਂਦੇ ਸਨ। ਹੁਣ ਮੋਬਾਈਲ ਲਿਜਾਣ ‘ਤੇ ਲੱਗੀ ਪਾਬੰਦੀ ਕਾਰਨ ਨੌਜਵਾਨਾਂ ਦੀ ਆਮਦ ਕਾਫ਼ੀ ਘਟ ਗਈ ਹੈ। ਇਹ ਰੁਝਾਨ ਸਿਰਫ਼ ਇੱਕ ਮੰਦਰ ਤੱਕ ਸੀਮਤ ਨਹੀਂ, ਸਗੋਂ ਸੂਬੇ ਦੇ ਹੋਰਨਾਂ ਪ੍ਰਮੁੱਖ ਮੰਦਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
1 ਸਤੰਬਰ ਤੋਂ ਲਾਗੂ ਨਿਯਮ, ਫ਼ੋਨ ਜਮ੍ਹਾਂ ਕਰਵਾਉਣ ਲਈ 5 ਰੁਪਏ ਫ਼ੀਸ
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ 52 ਪ੍ਰਮੁੱਖ ਮੰਦਰਾਂ ਵਿੱਚ 1 ਸਤੰਬਰ ਤੋਂ ਮੋਬਾਈਲ ਫ਼ੋਨਾਂ ਦੀ ਵਰਤੋਂ ’ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਨਵੇਂ ਨਿਯਮਾਂ ਤਹਿਤ ਮੰਦਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਆਪਣੇ ਸਮਾਰਟਫ਼ੋਨ ਬਾਹਰ ਬਣੇ ਨਿਰਧਾਰਤ ਕਾਊਂਟਰਾਂ ‘ਤੇ ਜਮ੍ਹਾਂ ਕਰਵਾਉਣੇ ਪੈਂਦੇ ਹਨ, ਜਿਸ ਲਈ 5 ਰੁਪਏ ਪ੍ਰਤੀ ਫ਼ੋਨ ਫ਼ੀਸ ਤੈਅ ਕੀਤੀ ਗਈ ਹੈ।
ਅਦਾਲਤੀ ਹੁਕਮਾਂ ਦੀ ਪਾਲਣਾ, ਪਵਿੱਤਰਤਾ ਬਹਾਲ ਰੱਖਣਾ ਮੁੱਖ ਮਕਸਦ
ਦੇਵਰਾਜਸਵਾਮੀ ਮੰਦਰ ਦੇ ਐਗਜ਼ੀਕਿਊਟਿਵ ਅਫ਼ਸਰ ਆਰ. ਗਣੇਸ਼ਨ ਅਨੁਸਾਰ ਇਹ ਫ਼ੈਸਲਾ ਮਦਰਾਸ ਹਾਈ ਕੋਰਟ ਵਲੋਂ ਦਸੰਬਰ 2022 ਵਿੱਚ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਲਿਆ ਗਿਆ ਹੈ। ਅਦਾਲਤ ਨੇ ਤਿਰੁਚੇਂਦੂਰ ਸੁਬ੍ਰਮਣਿਆ ਸਵਾਮੀ ਮੰਦਰ ਨਾਲ ਜੁੜੀ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਧਾਰਮਿਕ ਸਥਾਨਾਂ ਦੀ ਮਰਿਆਦਾ ਬਣਾਏ ਰੱਖਣ ਲਈ ਇਹ ਨਿਰਦੇਸ਼ ਦਿੱਤੇ ਸਨ। ਮੰਦਰ ਪ੍ਰਬੰਧਨ ਦਾ ਸਪੱਸ਼ਟ ਕਹਿਣਾ ਹੈ ਕਿ ਭਾਵੇਂ ਸ਼ਰਧਾਲੂਆਂ ਦੀ ਗਿਣਤੀ ਘਟੀ ਹੈ, ਪਰ ਮੰਦਰ ਦੀ ਧਾਰਮਿਕ ਮਰਿਆਦਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣਾ ਸਭ ਤੋਂ ਪਹਿਲ ਦਾ ਕੰਮ ਹੈ।

