ਜਲੰਧਰ :- ਭਾਜਪਾ ਦੇ ਸੀਨੀਅਰ ਆਗੂ ਸਤੀਸ਼ ਪੂਨੀਆ ਨੇ ਅੱਜ ਜਲੰਧਰ ਪਹੁੰਚ ਕੇ ਪੰਜਾਬ ਵਿੱਚ ਪਾਰਟੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ‘ਮਿਸ਼ਨ ਪੰਜਾਬ’ ਤਹਿਤ ਸੂਬੇ ਵਿੱਚ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਟੀਚਾ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਵੱਡੀ ਬਹੁਮਤ ਨਾਲ ਸਰਕਾਰ ਬਣਾਉਣਾ ਹੈ।
ਗਠਜੋੜ ਦੀ ਬਜਾਏ ਆਪਣੇ ਸੰਗਠਨ ’ਤੇ ਭਰੋਸਾ
ਸਤੀਸ਼ ਪੂਨੀਆ ਨੇ ਸਪੱਸ਼ਟ ਕੀਤਾ ਕਿ ਭਾਜਪਾ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਆਪਣੇ ਬਲਬੂਤੇ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਏਜੰਡੇ ਨਾਲ ਲੋਕਾਂ ਵਿੱਚ ਜਾਵੇਗੀ ਅਤੇ ਕਿਸੇ ਹੋਰ ਸਿਆਸੀ ਧਿਰ ਨਾਲ ਗਠਜੋੜ ਦੀ ਬਜਾਏ ਆਪਣੇ ਵਰਕਰਾਂ ਅਤੇ ਸੰਗਠਨ ਦੀ ਤਾਕਤ ’ਤੇ ਭਰੋਸਾ ਕਰੇਗੀ।
‘ਮਿਸ਼ਨ ਪੰਜਾਬ’ ਰਾਹੀਂ ਜ਼ਮੀਨੀ ਪੱਧਰ ’ਤੇ ਸਰਗਰਮੀ ਵਧਾਉਣ ਦਾ ਦਾਅਵਾ
ਪੂਨੀਆ ਨੇ ਕਿਹਾ ਕਿ ‘ਮਿਸ਼ਨ ਪੰਜਾਬ’ ਤਹਿਤ ਉਹ ਸੂਬੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਪਾਰਟੀ ਦਫ਼ਤਰਾਂ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਕੇ ਸੰਗਠਨ ਦੀ ਸਥਿਤੀ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਦੌਰਿਆਂ ਦਾ ਮੁੱਖ ਉਦੇਸ਼ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨਾ ਹੈ।
ਸੱਜਣ ਕੁਮਾਰ ਦੇ ਭੋਗ ’ਚ ਸ਼ਾਮਲ ਆਗੂਆਂ ਨੂੰ ਪਾਰਟੀ ਵੱਲੋਂ ਫਟਕਾਰ : ਪੂਨੀਆ
ਸੱਜਣ ਕੁਮਾਰ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਏ ਭਾਜਪਾ ਆਗੂਆਂ ਸਬੰਧੀ ਪੁੱਛੇ ਸਵਾਲ ’ਤੇ ਸਤੀਸ਼ ਪੂਨੀਆ ਨੇ ਕਿਹਾ ਕਿ ਪਾਰਟੀ ਨੇ ਇਸ ਮਾਮਲੇ ਵਿੱਚ ਸਬੰਧਿਤ ਆਗੂਆਂ ਨੂੰ ਫਟਕਾਰ ਲਗਾਈ ਹੈ। ਉਨ੍ਹਾਂ ਨੂੰ ਅੱਗੇ ਤੋਂ ਅਜਿਹੀ ਗਲਤੀ ਨਾ ਦੁਹਰਾਉਣ ਦੀ ਚਿਤਾਵਨੀ ਦਿੱਤੇ ਜਾਣ ਦੀ ਗੱਲ ਵੀ ਉਨ੍ਹਾਂ ਕਹੀ।
ਦੰਗਿਆਂ ਦੇ ਪੀੜਤ ਸਿੱਖ ਪਰਿਵਾਰਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਦਾਅਵਾ
ਪੂਨੀਆ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਹੋਏ ਦੰਗਿਆਂ ਦੌਰਾਨ ਜਾਨ ਗੁਆਉਣ ਵਾਲੇ ਸਿੱਖਾਂ ਦੇ ਪਰਿਵਾਰਾਂ ਅਤੇ ਪੀੜਤਾਂ ਪ੍ਰਤੀ ਭਾਜਪਾ ਹਮੇਸ਼ਾ ਸੰਵੇਦਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇਸ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਕਾਰਵਾਈ ਨੂੰ ਭਾਜਪਾ ਗੰਭੀਰਤਾ ਨਾਲ ਲੈਂਦੀ ਹੈ ਅਤੇ ਲੋੜ ਪੈਣ ’ਤੇ ਸਖ਼ਤ ਕਾਰਵਾਈ ਵੀ ਕੀਤੀ ਜਾਂਦੀ ਹੈ।
ਕਾਂਗਰਸ ’ਤੇ ਸਿੱਖ ਵਿਰੋਧੀ ਹੋਣ ਦੇ ਦੋਸ਼
ਭਾਜਪਾ ਆਗੂ ਨੇ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਕਾਂਗਰਸ ਦਾ ਇਤਿਹਾਸ ਸਿੱਖ ਵਿਰੋਧੀ ਰਿਹਾ ਹੈ ਅਤੇ ਇਸ ਬਾਰੇ ਦੇਸ਼ ਦੀ ਜਨਤਾ ਜਾਣੂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖਦੀ ਰਹੇਗੀ।
ਚੋਣਾਂ ਲਈ ਵਰਕਰਾਂ ਨੂੰ ਸਰਗਰਮ ਕਰਨ ’ਤੇ ਧਿਆਨ
ਸਤੀਸ਼ ਪੂਨੀਆ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਮੁਤਾਬਕ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਵਰਕਰਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਪੰਜਾਬ ਵਿੱਚ ਮਜ਼ਬੂਤ ਚੋਣੀ ਪ੍ਰਦਰਸ਼ਨ ਲਈ ਤਿਆਰੀ ਕਰ ਰਹੀ ਹੈ।

