ਜਲੰਧਰ :- ਕਮਿਸ਼ਨਰੇਟ ਪੁਲੀਸ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਨਿਊ ਰਤਨ ਨਗਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਘਰ ਦੇ ਨੇੜੇ ਇੱਕ ਖਾਲੀ ਪਲਾਟ ਵਿੱਚੋਂ 26 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲਾਸ਼ ਤੇ ਸੱਟ ਦੇ ਨਿਸ਼ਾਨ ਮਿਲਣ ਕਾਰਨ ਸਥਾਨਕ ਲੋਕਾਂ ਵੱਲੋਂ ਕਤਲ ਦਾ ਸ਼ੱਕ ਜਤਾਇਆ ਗਿਆ ਹੈ। ਹਾਲਾਂਕਿ ਪੁਲੀਸ ਨੇ ਅਜੇ ਕਤਲ ਦੀ ਪੁਸ਼ਟੀ ਨਹੀਂ ਕੀਤੀ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਜੋਂ
ਮ੍ਰਿਤਕ ਦੀ ਪਛਾਣ ਨਿਊ ਰਤਨ ਨਗਰ ਵਾਸੀ 26 ਸਾਲਾ ਸੰਦੀਪ ਕੁਮਾਰ ਕੇਸ਼ਵ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਪੋਸਟਮਾਰਟਮ ਕਰਵਾਇਆ ਜਾਵੇਗਾ।
ਤਿੰਨ ਦਿਨ ਪਹਿਲਾਂ ਹੀ ਹਸਪਤਾਲ ਤੋਂ ਆਇਆ ਸੀ ਘਰ
ਮੁੱਢਲੀ ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੰਦੀਪ ਕੁਮਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਕਰੀਬ ਤਿੰਨ ਦਿਨ ਪਹਿਲਾਂ ਹੀ ਉਹ ਇਲਾਜ ਕਰਵਾਉਣ ਮਗਰੋਂ ਹਸਪਤਾਲ ਤੋਂ ਘਰ ਪਰਤਿਆ ਸੀ। ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਘਰ ਦੇ ਨੇੜੇ ਖਾਲੀ ਪਲਾਟ ਵਿੱਚ ਪਈ ਮਿਲੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ।
ਸਰੀਰ ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਲੋਕਾਂ ਨੇ ਜਤਾਇਆ ਸ਼ੱਕ
ਸਥਾਨਕ ਲੋਕਾਂ ਮੁਤਾਬਕ ਸੰਦੀਪ ਦੇ ਮੱਥੇ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ। ਇਸ ਕਾਰਨ ਕੁਝ ਲੋਕਾਂ ਨੇ ਖਦਸ਼ਾ ਜਤਾਇਆ ਕਿ ਨੌਜਵਾਨ ’ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ। ਇਲਾਕੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਦਿਨ ਪਹਿਲਾਂ ਸੰਦੀਪ ਦਾ ਕਿਸੇ ਵਿਅਕਤੀ ਨਾਲ ਵਿਵਾਦ ਹੋਇਆ ਸੀ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਲੀਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੁਲੀਸ ਨੇ ਕਿਹਾ- ਮੱਥੇ ’ਤੇ ਸੱਟ ਦਾ ਨਿਸ਼ਾਨ ਮਿਲਿਆ
ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮੱਥੇ ’ਤੇ ਸੱਟ ਦਾ ਨਿਸ਼ਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੱਟ ਕਿਹੜੇ ਹਾਲਾਤਾਂ ਵਿੱਚ ਲੱਗੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਇਹ ਸੰਭਾਵਨਾ ਵੀ ਹੈ ਕਿ ਡਿੱਗਣ ਸਮੇਂ ਕਿਸੇ ਪੱਥਰ ਨਾਲ ਟਕਰਾਉਣ ਕਾਰਨ ਸੱਟ ਲੱਗੀ ਹੋਵੇ। ਮੌਤ ਦੇ ਕਾਰਨਾਂ ਬਾਰੇ ਅੰਤਿਮ ਸਥਿਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਸੀ.ਸੀ.ਟੀ.ਵੀ. ਫੁਟੇਜ ਵੀ ਖੰਗਾਲ ਰਹੀ ਪੁਲੀਸ
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ। ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨੌਜਵਾਨ ਪਲਾਟ ਤੱਕ ਕਿਵੇਂ ਪਹੁੰਚਿਆ ਅਤੇ ਉਸ ਦੀ ਮੌਤ ਤੋਂ ਪਹਿਲਾਂ ਉੱਥੇ ਕੀ ਵਾਪਰਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਤੈਅ ਕੀਤੀ ਜਾਵੇਗੀ।

