ਚੰਡੀਗੜ੍ਹ :- ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖਿੱਚੋਤਾਣ ਦਰਮਿਆਨ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਬਿਆਨਬਾਜ਼ੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਹੁਣ ਰੰਧਾਵਾ ਵੱਲੋਂ ਕੀਤੇ ਇੱਕ ਟਵੀਟ ਨੂੰ ਰਾਜਾ ਵੜਿੰਗ ਦੇ ਪਿਛਲੇ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਰੰਧਾਵਾ ਨੇ ਬਿਨਾਂ ਨਾਮ ਲਏ ਦਿੱਤਾ ਜਵਾਬ
ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਉਹੀ ਘਰ ਹੈ ਤੇ ਉਹੀ ਰੰਧਾਵਾ, ਜਦੋਂ ਵੀ ਤੁਸੀਂ ਆਓਗੇ, ਤੁਹਾਡਾ Most Welcome।’’ ਹਾਲਾਂਕਿ ਰੰਧਾਵਾ ਨੇ ਇਸ ਪੋਸਟ ਵਿੱਚ ਕਿਸੇ ਆਗੂ ਦਾ ਸਿੱਧੇ ਤੌਰ ’ਤੇ ਨਾਮ ਨਹੀਂ ਲਿਆ, ਪਰ ਸਿਆਸੀ ਹਲਕਿਆਂ ਵਿੱਚ ਇਸ ਨੂੰ ਰਾਜਾ ਵੜਿੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਕੰਪ੍ਰੋਮਾਈਜ਼ਡ ਲੀਡਰਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
ਦਰਅਸਲ, ਪਿਛਲੇ ਦਿਨੀਂ ਇੱਕ ਰੈਲੀ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਕਾਂਗਰਸ ਨੂੰ ਅਜਿਹੇ ਆਗੂਆਂ ਦੀ ਲੋੜ ਨਹੀਂ ਜੋ ‘ਕੰਪ੍ਰੋਮਾਈਜ਼ਡ’ ਹੋਣ ਜਾਂ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਹੋਣ। ਇਸ ਬਿਆਨ ਤੋਂ ਬਾਅਦ ਜਦੋਂ ਮੀਡੀਆ ਨੇ ਰਾਜਾ ਵੜਿੰਗ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਸੀ ਕਿ ਜਦੋਂ ਵੀ ਉਹ ਰੰਧਾਵਾ ਨੂੰ ਮਿਲਣਗੇ ਤਾਂ ਉਨ੍ਹਾਂ ਤੋਂ ਪੁੱਛਣਗੇ ਕਿ ‘ਕੰਪ੍ਰੋਮਾਈਜ਼ਡ’ ਅਤੇ ‘ਸਲਿੱਪਰ ਸੈੱਲ’ ਆਖ਼ਿਰ ਕੌਣ ਹਨ। ਵੜਿੰਗ ਨੇ ਇਹ ਵੀ ਕਿਹਾ ਸੀ ਕਿ ਕੀ ਉਹ ਲੋਕ ‘ਕੰਪ੍ਰੋਮਾਈਜ਼ਡ’ ਹਨ ਜੋ ਭਗਵੰਤ ਮਾਨ ਅਤੇ ਅਮਿਤ ਸ਼ਾਹ ਨੂੰ ਮਿਲਦੇ ਹਨ।
ਪਹਿਲਾਂ ਵੀ ਕਈ ਵਾਰ ਚੁੱਕ ਚੁੱਕੇ ਹਨ ਇਹ ਮੁੱਦਾ
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ‘ਕੰਪ੍ਰੋਮਾਈਜ਼ਡ ਲੀਡਰ’ ਨੂੰ ਲੈ ਕੇ ਪਹਿਲਾਂ ਵੀ ਸਵਾਲ ਚੁੱਕੇ ਜਾ ਚੁੱਕੇ ਹਨ। ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਲ ਚੰਨੀ ਧੜੇ ਦੀ ਮੀਟਿੰਗ ਤੋਂ ਬਾਅਦ ਵੀ ਰੰਧਾਵਾ ਨੇ ਕਿਹਾ ਸੀ ਕਿ ਪਾਰਟੀ ਨੂੰ ਅਜਿਹਾ ਆਗੂ ਚਾਹੀਦਾ ਹੈ ਜੋ ਪੰਜਾਬ ਦੇ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਗੱਲ ਰੱਖ ਸਕੇ ਅਤੇ ‘ਕੰਪ੍ਰੋਮਾਈਜ਼ਡ’ ਆਗੂ ਨਹੀਂ ਚਾਹੀਦਾ।
ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਨਾਰਾਜ਼ਗੀ
ਪੰਜਾਬ ਕਾਂਗਰਸ ਅੰਦਰ ਇੱਕ ਧੜਾ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਨਾਖ਼ੁਸ਼ ਦੱਸਿਆ ਜਾ ਰਿਹਾ ਹੈ। ਇਸ ਧੜੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਲਿਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਦੋਵੇਂ ਆਗੂ ਰਾਜਾ ਵੜਿੰਗ ਵੱਲੋਂ ਕੀਤੀਆਂ ਜਾ ਰਹੀਆਂ ਕਈ ਰੈਲੀਆਂ ਤੋਂ ਦੂਰੀ ਬਣਾਈ ਰੱਖਦੇ ਨਜ਼ਰ ਆਏ ਹਨ।
ਰੰਧਾਵਾ ਦੇ ਟਵੀਟ ਨੂੰ ਵੜਿੰਗ ਲਈ ਸੰਦੇਸ਼ ਵਜੋਂ ਦੇਖਿਆ ਜਾ ਰਿਹਾ
ਹੁਣ ਰੰਧਾਵਾ ਵੱਲੋਂ ਕੀਤੀ ਗਈ ‘ਉਹੀ ਘਰ ਹੈ ਤੇ ਉਹੀ ਰੰਧਾਵਾ’ ਵਾਲੀ ਪੋਸਟ ਨੇ ਇਸ ਅੰਦਰੂਨੀ ਵਿਵਾਦ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। ਹਾਲਾਂਕਿ ਟਵੀਟ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਗਿਆ, ਪਰ ਮੌਜੂਦਾ ਸਿਆਸੀ ਘਟਨਾਕ੍ਰਮ ਅਤੇ ਰਾਜਾ ਵੜਿੰਗ ਦੇ ਪਿਛਲੇ ਬਿਆਨ ਦੇ ਮੱਦੇਨਜ਼ਰ ਇਸ ਨੂੰ ਵੜਿੰਗ ਲਈ ਇੱਕ ਇਸ਼ਾਰਾ ਮੰਨਿਆ ਜਾ ਰਿਹਾ ਹੈ। ਹੁਣ ਨਜ਼ਰ ਇਸ ਗੱਲ ’ਤੇ ਹੈ ਕਿ ਪੰਜਾਬ ਕਾਂਗਰਸ ਦੇ ਦੋਵਾਂ ਆਗੂਆਂ ਵਿਚਾਲੇ ਇਹ ਤਕਰਾਰ ਆਉਣ ਵਾਲੇ ਦਿਨਾਂ ਵਿੱਚ ਕਿਹੜਾ ਰੂਪ ਲੈਂਦੀ ਹੈ।

