ਚੰਡੀਗੜ੍ਹ :- ਬੀਤੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਗੰਭੀਰ ਹੜ੍ਹਾਂ ਦੀ ਲਪੇਟ ਵਿੱਚ ਹਨ। ਅੰਕੜਿਆਂ ਅਨੁਸਾਰ ਲਗਭਗ 1,200 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ, ਜਦਕਿ ਹਜ਼ਾਰਾਂ ਪਰਿਵਾਰ ਘਰ-ਬਾਰ ਗੁਆ ਬੈਠੇ ਹਨ। ਫਸਲਾਂ, ਪਸ਼ੂ ਧਨ ਅਤੇ ਬੁਨਿਆਦੀ ਢਾਂਚੇ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਕਲਾਕਾਰਾਂ ਨੇ ਵਧਾਇਆ ਮਦਦ ਦਾ ਹੱਥ
ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਕਈ ਕਲਾਕਾਰ ਅੱਗੇ ਆਏ ਹਨ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਲਈ ਅਪੀਲ ਕੀਤੀ ਹੈ। ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਇੱਕ ਵੀਡੀਓ ਰਾਹੀਂ ਆਪਣਾ ਸੰਦੇਸ਼ ਸਾਂਝਾ ਕੀਤਾ ਹੈ।
“ਇਹ ਸਿਰਫ ਰਾਸ਼ਨ-ਪਾਣੀ ਦੇਣ ਦਾ ਸਮਾਂ ਨਹੀਂ”
ਦਿਲਜੀਤ ਦੋਸਾਂਝ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਿਰਫ ਰਾਸ਼ਨ ਜਾਂ ਪਾਣੀ ਵੰਡਣ ਨਾਲ ਇਹ ਗੱਲ ਮੁਕਦੀ ਨਹੀਂ। ਜਦ ਤੱਕ ਪ੍ਰਭਾਵਿਤ ਪਰਿਵਾਰ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਜਾਂਦੇ, ਤਦ ਤੱਕ ਸਾਨੂੰ ਉਨ੍ਹਾਂ ਨਾਲ ਖੜ੍ਹੇ ਰਹਿਣ ਦੀ ਲੋੜ ਹੈ।
ਨੌਜਵਾਨਾਂ ਤੇ ਐਨਜੀਓਜ਼ ਦੀ ਭੂਮਿਕਾ ਕਾਬਿਲ-ਏ-ਤਾਰੀਫ਼
ਉਨ੍ਹਾਂ ਨੇ ਮੈਦਾਨ ਵਿੱਚ ਮਦਦ ਪਹੁੰਚਾ ਰਹੇ ਨੌਜਵਾਨਾਂ, ਲੋਕਲ ਐਨਜੀਓਜ਼ ਅਤੇ ਮੀਡੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਤਾਕਤ ਉਸਦੇ ਲੋਕ ਹਨ।
“ਪੰਜਾਬ ਪਹਿਲਾਂ ਵੀ ਉੱਠਿਆ, ਇਸ ਵਾਰ ਵੀ ਉੱਠੇਗਾ”
ਦਿਲਜੀਤ ਨੇ ਆਪਣੇ ਸਰੋਤਾਂ ਰਾਹੀਂ ਹੜ੍ਹ ਪੀੜਤਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਕਈ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਅਤੇ ਹਰ ਵਾਰ ਮਜ਼ਬੂਤੀ ਨਾਲ ਖੜ੍ਹਾ ਹੋਇਆ ਹੈ। ਉਨ੍ਹਾਂ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਸਾਨੂੰ ਇਹ ਹਿੰਮਤ ਮਿਲੇ ਕਿ ਅਸੀਂ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰਾ ਮਜ਼ਬੂਤ ਕਰ ਸਕੀਏ।