ਨਵੀਂ ਦਿੱਲੀ :- ਪੱਛਮੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ 21 ਸਾਲਾ ਵਿਦਿਆਰਥਣ ਅਤੇ ਮਾਡਲ ਦੀ ਘਰ ਅੰਦਰ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਮੁੱਢਲੀ ਜਾਂਚ ਦੌਰਾਨ ਮ੍ਰਿਤਕਾ ਦੇ ਜਿਮ ਟ੍ਰੇਨਰ ਤੇ ਸ਼ੱਕ ਹੈ। ਮ੍ਰਿਤਕਾ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ, ਜੋ ਬੁੱਧਵਾਰ ਨੂੰ ਆਪਣੇ ਦੂਜੀ ਮੰਜ਼ਿਲ ਵਾਲੇ ਘਰ ਵਿੱਚ ਇਕੱਲੀ ਸੀ।
ਘਰ ‘ਚ ਦਾਖ਼ਲ ਹੋ ਕੇ ਹਮਲਾ ਕਰਨ ਦਾ ਦੋਸ਼
ਪੁਲਸ ਮੁਤਾਬਕ ਸ਼ੱਕੀ ਮੁਲਜ਼ਮ ਦੀ ਪਛਾਣ ਇਮਰਾਨ ਵਜੋਂ ਹੋਈ ਹੈ। ਦੋਸ਼ ਹੈ ਕਿ ਉਹ ਮੁਸਕਾਨ ਦੇ ਘਰ ਵਿੱਚ ਦਾਖ਼ਲ ਹੋਇਆ ਅਤੇ ਚਾਕੂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਹਮਲੇ ਦੌਰਾਨ ਮੁਸਕਾਨ ਦੀਆਂ ਚੀਕਾਂ ਸੁਣ ਕੇ ਗੁਆਂਢੀ ਮੌਕੇ ‘ਤੇ ਪਹੁੰਚੇ ਤਾਂ ਉਹ ਗੰਭੀਰ ਜ਼ਖ਼ਮੀ ਹਾਲਤ ਵਿੱਚ ਖੂਨ ਨਾਲ ਲੱਥਪੱਥ ਪਈ ਸੀ।
ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਗੁਆਂਢੀਆਂ ਨੇ ਤੁਰੰਤ ਮੁਸਕਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਪਰ ਗੰਭੀਰ ਸੱਟਾਂ ਕਾਰਨ ਉਸ ਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਧੀਕ ਡਿਪਟੀ ਕਮਿਸ਼ਨਰ ਪੁਲਸ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਰਿਕਾਰਡਿੰਗਾਂ ਵੀ ਖੰਗਾਲੀਆਂ ਜਾ ਰਹੀਆਂ ਹਨ।
ਦੋਸਤ ਨੇ ਦੱਸਿਆ- ਤਿੰਨ ਭੈਣਾਂ ‘ਚੋਂ ਸਭ ਤੋਂ ਛੋਟੀ ਸੀ ਮੁਸਕਾਨ
ਮੁਸਕਾਨ ਦੇ ਦੋਸਤ ਅਮਨ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਉਸ ਮੁਤਾਬਕ ਮੁਸਕਾਨ ਦੀ ਇੱਕ ਵੱਡੀ ਭੈਣ ਇਸ ਸਮੇਂ ਚੰਡੀਗੜ੍ਹ ਵਿੱਚ ਹੈ। ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸ ਨੇ ਅਮਨ ਨੂੰ ਫੋਨ ਕਰਕੇ ਮੁਸਕਾਨ ਦੇ ਘਰ ਪਹੁੰਚਣ ਲਈ ਕਿਹਾ ਸੀ।
ਅਮਨ ਨੇ ਦੱਸਿਆ ਕਿ ਫੋਨ ‘ਤੇ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਦੇ ਮੈਂਬਰ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਕਿਸੇ ਵਿਅਕਤੀ ਨੇ ਘਰ ਵਿੱਚ ਦਾਖ਼ਲ ਹੋ ਕੇ ਮੁਸਕਾਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ।
ਜਿਮ ਟ੍ਰੇਨਰ ‘ਤੇ ਪਹਿਲਾਂ ਵੀ ਤੰਗ ਕਰਨ ਦੇ ਦੋਸ਼
ਮੁਸਕਾਨ ਦੇ ਦੋਸਤ ਮੁਤਾਬਕ ਸ਼ੱਕੀ ਇਮਰਾਨ ਉਸੇ ਜਿਮ ਵਿੱਚ ਟ੍ਰੇਨਰ ਵਜੋਂ ਕੰਮ ਕਰਦਾ ਸੀ, ਜਿੱਥੇ ਮੁਸਕਾਨ ਕਸਰਤ ਕਰਨ ਜਾਂਦੀ ਸੀ। ਅਮਨ ਨੇ ਦਾਅਵਾ ਕੀਤਾ ਕਿ ਮੁਸਕਾਨ ਦੀਆਂ ਭੈਣਾਂ ਪਹਿਲਾਂ ਵੀ ਇਮਰਾਨ ਵੱਲੋਂ ਉਸ ਨੂੰ ਕਥਿਤ ਤੌਰ ‘ਤੇ ਪਰੇਸ਼ਾਨ ਕੀਤੇ ਜਾਣ ਸਬੰਧੀ ਚਿੰਤਾ ਜ਼ਾਹਰ ਕਰ ਚੁੱਕੀਆਂ ਸਨ।
ਅਮਨ ਦੇ ਅਨੁਸਾਰ, ਇਸੇ ਕਾਰਨ ਹਮਲੇ ਤੋਂ ਬਾਅਦ ਸ਼ੱਕ ਸਭ ਤੋਂ ਪਹਿਲਾਂ ਇਮਰਾਨ ‘ਤੇ ਗਿਆ। ਹਾਲਾਂਕਿ ਮੁਲਜ਼ਮ ਦੀ ਭੂਮਿਕਾ ਅਤੇ ਹਮਲੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੁਲਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।
ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਪੁਲਸ
ਪੁਲਸ ਵੱਲੋਂ ਮਾਮਲੇ ਦੀਆਂ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਲਜ਼ਮ ਦਾ ਪਤਾ ਲਗਾਉਣ ਅਤੇ ਉਸ ਨੂੰ ਕਾਬੂ ਕਰਨ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ।

