ਅੰਮ੍ਰਿਤਸਰ :- ਭਾਰਤ-ਪਾਕਿਸਤਾਨ ਸਰਹੱਦ ਨੇੜੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਬੀ.ਐੱਸ.ਐੱਫ. ਦੇ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਸਰਹੱਦੀ ਪਿੰਡ ਰੋੜਾਂਵਾਲਾ ਖ਼ੁਰਦ ਦੇ ਇਲਾਕੇ ਵਿੱਚ ਕੀਤੀ ਕਾਰਵਾਈ ਦੌਰਾਨ ਕਰੀਬ 38 ਕਰੋੜ ਰੁਪਏ ਦੀ ਹੈਰੋਇਨ ਤੋਂ ਇਲਾਵਾ ਆਈਸ ਡਰੱਗਜ਼, ਅਫ਼ੀਮ ਅਤੇ ਇੱਕ ਇਲੈਕਟ੍ਰਿਕ ਸਕੂਟਰੀ ਵੀ ਕਬਜ਼ੇ ਵਿੱਚ ਲਈ ਗਈ ਹੈ।
ਡਰੋਨ ਰਾਹੀਂ ਸੁੱਟੀ ਗਈ ਸੀ ਨਸ਼ੇ ਦੀ ਖੇਪ
ਮੁੱਢਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੇ ਦੋ ਵੱਡੇ ਪੈਕੇਟ ਭਾਰਤੀ ਖੇਤਰ ਵਿੱਚ ਸੁੱਟੇ ਗਏ ਸਨ। ਇਨ੍ਹਾਂ ਪੈਕੇਟਾਂ ਵਿੱਚ ਲਗਭਗ 7 ਕਿਲੋ ਹੈਰੋਇਨ, 6 ਕਿਲੋ ਅਫ਼ੀਮ ਅਤੇ ਕਰੀਬ 1 ਕਿਲੋ ਆਈਸ ਡਰੱਗਜ਼ ਹੋਣ ਦੀ ਗੱਲ ਸਾਹਮਣੇ ਆਈ ਹੈ।
ਖੇਪ ਲੈਣ ਪਹੁੰਚੇ ਤਸਕਰ ਮੌਕੇ ਤੋਂ ਫ਼ਰਾਰ
ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖੇਪ ਹਾਸਲ ਕਰਨ ਲਈ ਕੁਝ ਤਸਕਰ ਵੀ ਮੌਕੇ ’ਤੇ ਪਹੁੰਚੇ ਹੋਏ ਸਨ। ਬੀ.ਐੱਸ.ਐੱਫ. ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਦਾ ਪਤਾ ਲੱਗਦਿਆਂ ਹੀ ਉਹ ਮੌਕੇ ਤੋਂ ਫ਼ਰਾਰ ਹੋ ਗਏ। ਸੁਰੱਖਿਆ ਬਲਾਂ ਵੱਲੋਂ ਹੁਣ ਇਲਾਕੇ ਵਿੱਚ ਤਲਾਸ਼ੀ ਅਤੇ ਜਾਂਚ ਕੀਤੀ ਜਾ ਰਹੀ ਹੈ।
ਤਸਕਰੀ ਦੇ ਨੈੱਟਵਰਕ ਦੀ ਜਾਂਚ ਜਾਰੀ
ਬੀ.ਐੱਸ.ਐੱਫ. ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਅਤੇ ਇਲੈਕਟ੍ਰਿਕ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਖੇਪ ਨੂੰ ਭਾਰਤੀ ਖੇਤਰ ਵਿੱਚ ਕੌਣ ਹਾਸਲ ਕਰਨ ਵਾਲਾ ਸੀ ਅਤੇ ਇਸ ਪਿੱਛੇ ਕਿਹੜਾ ਤਸਕਰੀ ਨੈੱਟਵਰਕ ਸਰਗਰਮ ਹੈ।

