ਨਵੀਂ ਦਿੱਲੀ :- ਇੰਡੋਨੇਸ਼ੀਆ ਵਿੱਚ ਹਵਾਈ ਸੁਰੱਖਿਆ ਨਾਲ ਜੁੜੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬਾਤਿਕ ਏਅਰ ਦੀ ਕੇਂਦਾਰੀ ਤੋਂ ਜਕਾਰਤਾ ਜਾ ਰਹੀ ਏਅਰਬੱਸ ਏ320 ਉਡਾਣ ਦੌਰਾਨ ਦੋਵੇਂ ਪਾਇਲਟ ਇੱਕੋ ਸਮੇਂ ਸੌਂ ਗਏ। ਕਰੀਬ 36 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡ ਰਹੇ ਜਹਾਜ਼ ਨਾਲ ਲਗਭਗ 28 ਮਿੰਟ ਤੱਕ ਏਅਰ ਟ੍ਰੈਫਿਕ ਕੰਟਰੋਲ ਦਾ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਜਹਾਜ਼ ਆਪਣੇ ਨਿਰਧਾਰਤ ਰਸਤੇ ਤੋਂ ਵੀ ਭਟਕ ਗਿਆ। ਜਹਾਜ਼ ਵਿੱਚ 153 ਯਾਤਰੀਆਂ ਸਮੇਤ ਕੁੱਲ 159 ਲੋਕ ਸਵਾਰ ਸਨ।
ਕੈਪਟਨ ਨੇ ਕੋ-ਪਾਇਲਟ ਨੂੰ ਸੌਂਪਿਆ ਸੀ ਕੰਟਰੋਲ
ਉਡਾਣ ਦੌਰਾਨ ਕੈਪਟਨ ਨੇ ਕੋ-ਪਾਇਲਟ ਨੂੰ ਜਹਾਜ਼ ਦੀ ਜ਼ਿੰਮੇਵਾਰੀ ਸੌਂਪ ਕੇ ਕੁਝ ਸਮੇਂ ਲਈ ਆਰਾਮ ਕਰਨ ਦੀ ਇਜਾਜ਼ਤ ਲਈ। ਹਾਲਾਂਕਿ, ਕੁਝ ਦੇਰ ਬਾਅਦ ਕੋ-ਪਾਇਲਟ ਵੀ ਨੀਂਦ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਕਾਕਪਿਟ ਵਿੱਚ ਦੋਵੇਂ ਪਾਇਲਟ ਸੁੱਤੇ ਰਹੇ ਅਤੇ ਜਹਾਜ਼ ਆਟੋਪਾਇਲਟ ’ਤੇ ਉੱਡਦਾ ਰਿਹਾ।
ਏ.ਟੀ.ਸੀ. ਦੀਆਂ ਕਾਲਾਂ ਦਾ ਨਹੀਂ ਮਿਲਿਆ ਜਵਾਬ
ਦੋਵੇਂ ਪਾਇਲਟਾਂ ਦੇ ਸੁੱਤੇ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ ਵੱਲੋਂ ਕੀਤੀਆਂ ਗਈਆਂ ਵਾਰ-ਵਾਰ ਕਾਲਾਂ ਦਾ ਜਵਾਬ ਨਹੀਂ ਮਿਲਿਆ। ਲਗਭਗ 28 ਮਿੰਟ ਤੱਕ ਸੰਪਰਕ ਨਾ ਹੋਣ ਕਾਰਨ ਚਿੰਤਾ ਵਧ ਗਈ। ਇਸ ਦੌਰਾਨ ਆਟੋਪਾਇਲਟ ’ਤੇ ਉੱਡ ਰਿਹਾ ਜਹਾਜ਼ ਹੌਲੀ-ਹੌਲੀ ਆਪਣੇ ਨਿਰਧਾਰਤ ਰੂਟ ਤੋਂ ਦੂਰ ਹੋ ਗਿਆ।
ਕੋ-ਪਾਇਲਟ ਜਾਗਿਆ ਤਾਂ ਮੁੜ ਰਸਤੇ ’ਤੇ ਲਿਆਂਦਾ ਜਹਾਜ਼
ਕੁਝ ਸਮੇਂ ਬਾਅਦ ਕੋ-ਪਾਇਲਟ ਦੀ ਅੱਖ ਖੁੱਲ੍ਹੀ। ਉਸ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਮੁੜ ਨਿਰਧਾਰਤ ਰਸਤੇ ’ਤੇ ਲਿਆਂਦਾ ਗਿਆ। ਇਸ ਤੋਂ ਬਾਅਦ ਉਡਾਣ ਸੁਰੱਖਿਅਤ ਤਰੀਕੇ ਨਾਲ ਜਕਾਰਤਾ ਪਹੁੰਚੀ। ਰਾਹਤ ਦੀ ਗੱਲ ਰਹੀ ਕਿ ਇਸ ਘਟਨਾ ਵਿੱਚ ਕਿਸੇ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਜਾਂਚ ਵਿੱਚ ਥਕਾਵਟ ਬਣੀ ਵੱਡੀ ਵਜ੍ਹਾ
ਇੰਡੋਨੇਸ਼ੀਆ ਦੀ ਟਰਾਂਸਪੋਰਟ ਸੇਫਟੀ ਜਾਂਚ ਵਿੱਚ ਘਟਨਾ ਲਈ ਪਾਇਲਟਾਂ ਦੀ ਥਕਾਵਟ ਨੂੰ ਢੁੱਕਵੇਂ ਢੰਗ ਨਾਲ ਨਾ ਸੰਭਾਲੇ ਜਾਣ ਨੂੰ ਮੁੱਖ ਕਾਰਨ ਦੱਸਿਆ ਗਿਆ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਦੋਵੇਂ ਪਾਇਲਟ ਉਡਾਣ ਤੋਂ ਪਹਿਲਾਂ ਹੋਈ ਨਿਯਮਤ ਸਿਹਤ ਜਾਂਚ ਵਿੱਚ ਉਡਾਣ ਲਈ ਯੋਗ ਪਾਏ ਗਏ ਸਨ।
ਕਾਕਪਿਟ ਨਿਗਰਾਨੀ ਦੀ ਜ਼ਿੰਮੇਵਾਰੀ ਸਪੱਸ਼ਟ ਨਹੀਂ ਸੀ
ਰਿਪੋਰਟ ਮੁਤਾਬਕ ਏਅਰਲਾਈਨ ਵੱਲੋਂ ਕਾਕਪਿਟ ਦੀ ਨਿਯਮਤ ਜਾਂਚ ਦੀ ਵਿਵਸਥਾ ਕੀਤੀ ਗਈ ਸੀ, ਪਰ ਇਹ ਸਪੱਸ਼ਟ ਨਹੀਂ ਸੀ ਕਿ ਦੋਵੇਂ ਪਾਇਲਟਾਂ ਵਿੱਚੋਂ ਇਸ ਨਿਗਰਾਨੀ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਆਮ ਸਿਹਤ ਜਾਂਚ ਰਾਹੀਂ ਨੀਂਦ ਦੀ ਕਮੀ ਜਾਂ ਪਿਛਲੀ ਰਾਤ ਦੀ ਥਕਾਵਟ ਦਾ ਤੁਰੰਤ ਅਤੇ ਸਹੀ ਮੁਲਾਂਕਣ ਕਰਨਾ ਸੰਭਵ ਨਹੀਂ ਹੁੰਦਾ।

