ਚੰਡੀਗੜ੍ਹ :- ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਪੌਂਗ ਡੈਮ, ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਨਾਲ ਪੰਜਾਬ ਸਰਕਾਰ ਅਤੇ ਬੀ. ਬੀ. ਐੱਮ. ਬੀ. ਦੀ ਚਿੰਤਾ ਵਧ ਗਈ ਹੈ।
ਭਾਖੜਾ ਡੈਮ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ
ਮੰਗਲਵਾਰ ਸ਼ਾਮ ਨੂੰ ਭਾਖੜਾ ਡੈਮ ਦਾ ਪਾਣੀ ਪੱਧਰ 1677.29 ਫੁੱਟ ਦਰਜ ਕੀਤਾ ਗਿਆ। ਡੈਮ ਦੀ ਕੁੱਲ ਸਮਰੱਥਾ 1680 ਫੁੱਟ ਹੈ ਅਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2.71 ਫੁੱਟ ਦੂਰ ਹੈ। ਇਸ ਕਾਰਨ ਡੈਮ ਦੇ ਫਲੱਡ ਗੇਟ 5 ਤੋਂ 7 ਫੁੱਟ ਤੱਕ ਖੋਲ੍ਹੇ ਗਏ ਹਨ।
ਸਤਲੁਜ ਕੰਢੇ ਪਿੰਡਾਂ ਵਿਚ ਪਾਣੀ ਦਾਖਲ
ਵਾਧੂ ਪਾਣੀ ਛੱਡਣ ਨਾਲ ਸਤਲੁਜ ਦਰਿਆ ਕੰਢੇ ਵਸੇ ਸੈਂਕੜੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਜੇਕਰ ਅਗਲੇ 24 ਘੰਟਿਆਂ ਵਿੱਚ ਡੈਮ ਵਿਚ ਆਉਣ ਵਾਲਾ ਪਾਣੀ ਘੱਟ ਨਾ ਹੋਇਆ ਤਾਂ ਹੋਰ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਦੀ ਸੰਭਾਵਨਾ ਹੈ। ਇਸ ਨਾਲ ਮਾਲਵਾ ਖੇਤਰ ਦੇ ਕਈ ਜ਼ਿਲਿਆਂ ਵਿੱਚ ਹੜ੍ਹ ਦਾ ਖ਼ਤਰਾ ਹੋਰ ਵਧ ਸਕਦਾ ਹੈ।
ਪ੍ਰਸ਼ਾਸਨ ਤੇਜ਼ ਚੌਕਸੀ ‘ਚ
ਬੀ. ਬੀ. ਐੱਮ. ਬੀ. ਨੇ ਸਥਾਨਕ ਪ੍ਰਸ਼ਾਸਨ ਨੂੰ ਉੱਚ ਪੱਧਰੀ ਚੌਕਸੀ ਬਰਕਰਾਰ ਰੱਖਣ ਲਈ ਕਿਹਾ ਹੈ। ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।