ਪੰਜਾਬ, 4ਅਗੱਸਤ :- ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਮਾਮਲੇ ‘ਚ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਕੋਰਟ ਨੇ ਉਨ੍ਹਾਂ ਵਿਰੁੱਧ ਸੀਬੀਆਈ ਜਾਂਚ ਰੋਕਣ ਦੀ ਮੰਗ ਵਾਲੀ ਅਰਜ਼ੀ ਖ਼ਾਰਿਜ ਕਰ ਦਿੱਤੀ ਹੈ। ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਖੰਡਪੀਠ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਸੀਬੀਆਈ ਜਾਂਚ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ।
ਕੀ ਸੀ ਮਾਮਲਾ?
ਇਹ ਘਟਨਾ 13–14 ਮਾਰਚ ਦੀ ਦਰਮਿਆਨੀ ਰਾਤ ਪਟਿਆਲਾ ‘ਚ ਵਾਪਰੀ ਸੀ। ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੇ ਪੁੱਤਰ ਨਾਲ ਰਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ਉੱਤੇ ਗੱਡੀ ਰੋਕ ਕੇ ਖਾਣਾ ਖਾ ਰਹੇ ਸਨ। ਪਰਿਵਾਰ ਦੇ ਦੱਸਣ ਮੁਤਾਬਕ, ਕੁਝ ਸਾਦੇ ਕੱਪੜਿਆਂ ‘ਚ ਪੁਲਸ ਕਰਮਚਾਰੀ ਉੱਥੇ ਆਏ ਅਤੇ ਕਰਨਲ ਨੂੰ ਆਪਣੀ ਕਾਰ ਹਟਾਉਣ ਲਈ ਕਿਹਾ, ਤਾਂ ਜੋ ਉਹ ਆਪਣੀ ਗੱਡੀ ਲਾ ਸਕਣ।
ਇਹ ਛੋਟੀ ਜਿਹੀ ਗੱਲ ਵਧ ਗਈ ਅਤੇ ਕਥਿਤ ਤੌਰ ‘ਤੇ 10 ਤੋਂ ਵੱਧ ਪੁਲਸ ਕਰਮਚਾਰੀਆਂ ਨੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ। ਹੁਣ ਸੁਪਰੀਮ ਕੋਰਟ ਨੇ ਵੀ ਇਹਨਾਂ ਹੁਕਮਾਂ ‘ਚ ਕੋਈ ਤਬਦੀਲੀ ਨਹੀਂ ਕੀਤੀ।
ਇਸ ਦੇ ਨਾਲ, ਇਹ ਮਾਮਲਾ ਹੋਣ ਵਾਲੀ ਜਾਂਚ ਲਈ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਹੁਣ ਸੀਬੀਆਈ ਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ।