ਨਵੀਂ ਦਿੱਲੀ :- ਪੱਛਮੀ ਸੂਡਾਨ ਦੇ ਮਾਰਾ ਪਹਾੜੀ ਖੇਤਰ ਵਿੱਚ 31 ਅਗਸਤ ਨੂੰ ਭਾਰੀ ਬਾਰਿਸ਼ ਦੇ ਬਾਅਦ ਜ਼ਮੀਨ ਖਿਸਕਣ ਦੀ ਭਿਆਨਕ ਘਟਨਾ ਵਾਪਰੀ। ਇਸ ਹਾਦਸੇ ਵਿੱਚ ਘੱਟੋ-ਘੱਟ 1000 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚ ਸਕਿਆ। ਇਹ ਜਾਣਕਾਰੀ ਸੂਡਾਨ ਲਿਬਰੇਸ਼ਨ ਮੂਵਮੈਂਟ/ਆਰਮੀ (SLM/A) ਨੇ ਜਾਰੀ ਕੀਤੀ।
ਪਿੰਡ ਪੂਰੀ ਤਰ੍ਹਾਂ ਮਿੱਟੀ ਹੇਠ ਦੱਬ ਗਿਆ
SLM/A ਦੇ ਨੇਤਾ ਅਬਦੁਲਵਾਹਿਦ ਮੁਹੰਮਦ ਨੂਰ ਨੇ ਕਿਹਾ ਕਿ ਪਿੰਡ ਹੁਣ ਪੂਰੀ ਤਰ੍ਹਾਂ ਮਿੱਟੀ ਹੇਠ ਦੱਬ ਚੁੱਕਾ ਹੈ। ਇਹ ਖੇਤਰ ਦਾਰਫੁਰ ਵਿੱਚ ਪੈਂਦਾ ਹੈ ਜੋ ਇਸ ਵੇਲੇ ਸੂਡਾਨੀ ਫੌਜ ਅਤੇ ਅਰਧ ਸੈਨਿਕ ਬਲ (RSF) ਵਿਚਕਾਰ ਚੱਲ ਰਹੀ ਜੰਗ ਕਾਰਨ ਪਹਿਲਾਂ ਹੀ ਪ੍ਰਭਾਵਿਤ ਹੈ। ਜੰਗ ਤੋਂ ਬਚਣ ਲਈ ਬਹੁਤ ਸਾਰੇ ਲੋਕ ਮਾਰਾ ਪਹਾੜੀਆਂ ਵਿੱਚ ਸ਼ਰਨ ਲੈ ਰਹੇ ਸਨ।
ਭੁੱਖਮਰੀ ਅਤੇ ਬਿਮਾਰੀਆਂ ਨੇ ਹੋਰ ਵਧਾਈ ਤਬਾਹੀ
SLM/A ਮੁਤਾਬਕ, ਇਸ ਇਲਾਕੇ ਵਿੱਚ ਪਹਿਲਾਂ ਹੀ ਖਾਣ-ਪੀਣ ਅਤੇ ਦਵਾਈਆਂ ਦੀ ਭਾਰੀ ਘਾਟ ਸੀ। ਜੰਗ ਕਾਰਨ ਬੇਘਰ ਹੋਏ ਲੋਕ ਇੱਥੇ ਆ ਕੇ ਸੁਰੱਖਿਆ ਲੱਭ ਰਹੇ ਸਨ, ਪਰ ਜ਼ਮੀਨ ਖਿਸਕਣ ਨੇ ਉਨ੍ਹਾਂ ਦੀ ਆਖਰੀ ਉਮੀਦ ਵੀ ਖੋਹ ਲਈ।
ਅੰਤਰਰਾਸ਼ਟਰੀ ਮਦਦ ਦੀ ਮੰਗ
ਸੰਸਥਾ ਨੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਰਾਹਤ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਣ ਅਤੇ ਜ਼ਿੰਦਾ ਬਚੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਮ੍ਰਿਤਕਾਂ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ਸ਼ਾਮਲ ਹੈ।
ਸੂਡਾਨ ਦੇ ਘਰੇਲੂ ਯੁੱਧ ਦਾ ਪਿਛੋਕੜ
ਸੂਡਾਨ ਪਿਛਲੇ ਦੋ ਸਾਲਾਂ ਤੋਂ ਘਰੇਲੂ ਜੰਗ ਦਾ ਸ਼ਿਕਾਰ ਹੈ। ਸੁਡਾਨੀ ਫੌਜ ਅਤੇ RSF ਵਿਚਕਾਰ ਟਕਰਾਅ ਨੇ ਦੇਸ਼ ਦੀ ਹਾਲਤ ਬਦਤਰ ਕਰ ਦਿੱਤੀ ਹੈ। ਅੱਧ ਤੋਂ ਵੱਧ ਆਬਾਦੀ ਭੁੱਖਮਰੀ ਦੇ ਕੰਢੇ ‘ਤੇ ਹੈ ਅਤੇ ਲੱਖਾਂ ਲੋਕ ਆਪਣੇ ਘਰ ਛੱਡਣ ‘ਤੇ ਮਜਬੂਰ ਹੋਏ ਹਨ। ਦਾਰਫੁਰ ਦਾ ਅਹਿਮ ਸ਼ਹਿਰ ਅਲ-ਫਾਸ਼ੀਰ ਇਸ ਸਮੇਂ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ।