ਪਠਾਨਕੋਟ :- ਪਠਾਨਕੋਟ ਦੇ ਇੱਕ ਮਸ਼ਹੂਰ ਡਾਕਟਰ ਜੋੜੇ ਨਾਲ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡਾ. ਜਸਪਾਲ ਸਿੰਘ ਭਿੰਡਰ ਅਤੇ ਉਨ੍ਹਾਂ ਦੀ ਪਤਨੀ ਡਾ. ਜਸਪਾਲ ਕੌਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਘਰ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਦੋ ਭੈਣਾਂ ਨੇ ਭਰੋਸੇ ਦਾ ਫਾਇਦਾ ਚੁੱਕਦਿਆਂ ਪਰਿਵਾਰ ਨੂੰ ਕਰੀਬ ₹4.5 ਕਰੋੜ ਦਾ ਚੂਨਾ ਲਗਾ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅੱਠ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
12 ਸਾਲ ਦੀ ਨੌਕਰੀ ਦੌਰਾਨ ਜਿੱਤਿਆ ਭਰੋਸਾ
ਡਾ. ਭਿੰਡਰ ਮੁਤਾਬਕ ਸੁਨੀਤਾ ਅਤੇ ਅਨੀਤਾ ਪਿਛਲੇ ਲਗਭਗ 12 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਹੀਆਂ ਸਨ। ਇੱਕ ਘਰ ਦੇ ਰਸੋਈ ਦੇ ਕੰਮ ਦੀ ਜ਼ਿੰਮੇਵਾਰੀ ਸੰਭਾਲਦੀ ਸੀ, ਜਦਕਿ ਦੂਜੀ ਡਾ. ਜਸਪਾਲ ਕੌਰ ਦੀ ਦੇਖਭਾਲ ਕਰਦੀ ਸੀ। ਲੰਬੇ ਸਮੇਂ ਤੱਕ ਘਰ ਵਿੱਚ ਰਹਿਣ ਕਾਰਨ ਪਰਿਵਾਰ ਨੇ ਉਨ੍ਹਾਂ ‘ਤੇ ਪੂਰਾ ਭਰੋਸਾ ਕਰ ਲਿਆ ਸੀ।
ਬੈਂਕ ਦਸਤਾਵੇਜ਼ ਅਤੇ ਏਟੀਐਮ ਕਾਰਡਾਂ ਤੱਕ ਬਣਾਈ ਪਹੁੰਚ
ਸ਼ਿਕਾਇਤ ਅਨੁਸਾਰ, ਭਰੋਸੇ ਦਾ ਲਾਭ ਚੁੱਕਦਿਆਂ ਇੱਕ ਮੁਲਜ਼ਮ ਨੇ ਹੌਲੀ-ਹੌਲੀ ਘਰ ਦੀਆਂ ਚਾਬੀਆਂ, ਬੈਂਕ ਪਾਸਬੁੱਕਾਂ, ਏਟੀਐਮ ਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਤੋਂ ਬਾਅਦ ਕਥਿਤ ਤੌਰ ‘ਤੇ ਸਾਲ 2019 ਤੋਂ 2025 ਤੱਕ ਬੈਂਕ ਖਾਤਿਆਂ ਵਿੱਚੋਂ ਛੋਟੀਆਂ-ਛੋਟੀਆਂ ਰਕਮਾਂ ਨਿਯਮਿਤ ਤੌਰ ‘ਤੇ ਕੱਢੀਆਂ ਜਾਂਦੀਆਂ ਰਹੀਆਂ, ਜਿਸ ਕਾਰਨ ਪਰਿਵਾਰ ਨੂੰ ਸ਼ੱਕ ਵੀ ਨਹੀਂ ਹੋਇਆ।
ਹਸਪਤਾਲ ਲਈ ਪੈਸੇ ਕੱਢਣ ਸਮੇਂ ਖੁੱਲ੍ਹਿਆ ਭੇਤ
ਇਸ ਕਥਿਤ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਡਾਕਟਰ ਜੋੜੇ ਦਾ ਪੁੱਤਰ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆਇਆ ਅਤੇ ਨਵਾਂ ਹਸਪਤਾਲ ਬਣਾਉਣ ਲਈ ਬੈਂਕ ਵਿੱਚੋਂ ਰਕਮ ਕੱਢਣ ਗਿਆ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਕਰੋੜਾਂ ਰੁਪਏ ਵਾਲੇ ਖਾਤੇ ਵਿੱਚ ਸਿਰਫ਼ ₹28 ਹਜ਼ਾਰ ਦੇ ਕਰੀਬ ਹੀ ਬਾਕੀ ਹਨ। ਇਸ ਤੋਂ ਬਾਅਦ ਬੈਂਕ ਸਟੇਟਮੈਂਟ ਦੀ ਜਾਂਚ ਕਰਨ ‘ਤੇ ਲਗਾਤਾਰ ਨਕਦੀ ਕੱਢੇ ਜਾਣ ਦਾ ਸਿਲਸਿਲਾ ਸਾਹਮਣੇ ਆਇਆ।
ਜਾਂਚ ‘ਚ ਨਕਦੀ, ਸੋਨਾ ਅਤੇ ਹੋਰ ਜਾਇਦਾਦ ਗਾਇਬ ਹੋਣ ਦਾ ਦਾਅਵਾ
ਪਰਿਵਾਰ ਦਾ ਦਾਅਵਾ ਹੈ ਕਿ ਬੈਂਕ ਖਾਤਿਆਂ ਵਿੱਚੋਂ ਕਰੀਬ ₹2.5 ਕਰੋੜ ਨਕਦ ਕੱਢੇ ਗਏ। ਇਸ ਤੋਂ ਇਲਾਵਾ ਇੱਕ ਪਲਾਟ ਦੀ ਵਿਕਰੀ ਤੋਂ ਮਿਲੇ ਕਰੀਬ ₹46 ਲੱਖ, ਹੋਰ ਬਚਤ ਅਤੇ ਘਰ ਵਿੱਚ ਰੱਖਿਆ 60 ਤੋਲੇ ਤੋਂ ਵੱਧ ਸੋਨਾ ਵੀ ਗਾਇਬ ਮਿਲਿਆ। ਕੁੱਲ ਨੁਕਸਾਨ ਕਰੀਬ ₹4.5 ਕਰੋੜ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ।
ਸੀਸੀਟੀਵੀ ਫੁਟੇਜ ਨੇ ਵਧਾਇਆ ਸ਼ੱਕ
ਪਰਿਵਾਰ ਦੇ ਦਾਅਵੇ ਮੁਤਾਬਕ ਏਟੀਐਮ ਦੀਆਂ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਭੈਣਾਂ ਦੇ ਪਰਿਵਾਰਕ ਮੈਂਬਰ ਵੱਖ-ਵੱਖ ਸਮੇਂ ‘ਤੇ ਖਾਤਿਆਂ ਵਿੱਚੋਂ ਪੈਸੇ ਕੱਢਦੇ ਹੋਏ ਨਜ਼ਰ ਆਏ। ਜਦੋਂ ਇਸ ਬਾਰੇ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਵੇਂ ਭੈਣਾਂ ਕਥਿਤ ਤੌਰ ‘ਤੇ ਆਪਣੇ ਪਰਿਵਾਰਾਂ ਸਮੇਤ ਫਰਾਰ ਹੋ ਗਈਆਂ।
ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਛਾਪੇਮਾਰੀ ਜਾਰੀ
ਡਾ. ਭਿੰਡਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਸੁਨੀਤਾ, ਅਨੀਤਾ, ਉਨ੍ਹਾਂ ਦੇ ਪਤੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

