3 ਮਈ ਦੀਆਂ ਬੇਨਿਯਮੀਆਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ; CBI ਜਾਂਚ ਪੂਰੀ ਹੋਣ ਉਪਰੰਤ 20 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਵੀਂ ਰਣਨੀਤੀ ਲਾਗੂ
ਨਵੀਂ ਦਿੱਲੀ :- ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਅਤੇ ਡਾਕਟਰੀ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਵੱਲੋਂ ‘ਨੀਟ-ਯੂਜੀ’ (NEET-UG) ਪ੍ਰੀਖਿਆ ਦੇ ਢਾਂਚੇ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ। 3 ਮਈ 2026 ਨੂੰ ਆਯੋਜਿਤ ਹੋਈ ਪ੍ਰੀਖਿਆ ਵਿੱਚ ਸਾਹਮਣੇ ਆਈਆਂ ਬੇਨਿਯਮੀਆਂ ਅਤੇ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ, ਕੇਂਦਰ ਸਰਕਾਰ ਨੇ ਭਵਿੱਖ ਵਿੱਚ ਅਜਿਹੀਆਂ ਗੜਬੜੀਆਂ ਨੂੰ ਠੱਲ੍ਹ ਪਾਉਣ ਲਈ ਅਗਲੇ ਸਾਲ ਤੋਂ ਇਸ ਪ੍ਰੀਖਿਆ ਨੂੰ ਪੂਰੀ ਤਰ੍ਹਾਂ ‘ਕੰਪਿਊਟਰ ਆਧਾਰਿਤ ਟੈਸਟ’ (CBT) ਮੋਡ ਵਿੱਚ ਕਰਵਾਉਣ ਦਾ ਨੀਤੀਗਤ ਫੈਸਲਾ ਲਿਆ ਹੈ।
ਸੀ.ਬੀ.ਆਈ. ਜਾਂਚ ਤੋਂ ਬਾਅਦ 21 ਜੂਨ ਨੂੰ ਮੁੜ ਕਰਵਾਈ ਗਈ ਸੀ ਪ੍ਰੀਖਿਆ
ਸਰਕਾਰੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 3 ਮਈ ਦੀ ਪ੍ਰੀਖਿਆ ਵਿੱਚ ਬੇਨਿਯਮੀਆਂ ਦੀ ਖ਼ਬਰ ਆਉਂਦਿਆਂ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਤੁਰੰਤ ਕੇਂਦਰੀ ਜਾਂਚ ਬਿਊਰੋ (CBI) ਦੇ ਸਪੁਰਦ ਕੀਤੀ ਗਈ ਸੀ। ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਪੁਰਾਣੀ ਪ੍ਰੀਖਿਆ ਰੱਦ ਕਰਕੇ 21 ਜੂਨ 2026 ਨੂੰ ‘ਸੰਪੂਰਨ ਸਰਕਾਰੀ ਪਹੁੰਚ’ (Whole-of-Government Approach) ਤਹਿਤ ਮੁੜ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 20 ਲੱਖ ਤੋਂ ਵੱਧ ਪ੍ਰੀਖਿਆਰਥੀਆਂ ਲਈ ਇਹ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਗਈ।
16 ਜੁਲਾਈ ਦੇ ਨਤੀਜਿਆਂ ਵਿੱਚ ਗਰੀਬ ਤੇ ਹੋਣਹਾਰ ਵਿਦਿਆਰਥੀਆਂ ਨੇ ਗੱਡੇ ਝੰਡੇ
21 ਜੂਨ ਨੂੰ ਹੋਈ ਪ੍ਰੀਖਿਆ ਦੇ ਨਤੀਜੇ 16 ਜੁਲਾਈ ਨੂੰ ਐਲਾਨੇ ਗਏ। ਸਰਕਾਰੀ ਅੰਕੜਿਆਂ ਅਤੇ ਜਾਰੀ ਵੇਰਵਿਆਂ ਮੁਤਾਬਕ ਨਤੀਜੇ ਬਹੁਤ ਹੀ ਤਸੱਲੀਬਖਸ਼ ਰਹੇ, ਜਿਨ੍ਹਾਂ ਵਿੱਚ ਪੱਛੜੇ ਅਤੇ ਗਰੀਬ ਪਿਛੋਕੜ ਨਾਲ ਸਬੰਧਤ ਵੱਡੀ ਗਿਣਤੀ ਹੋਣਹਾਰ ਬੱਚਿਆਂ ਨੇ ਸਫ਼ਲਤਾ ਹਾਸਲ ਕੀਤੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪ੍ਰੀਖਿਆ ਮਾਫੀਆ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਸੱਚੇ ਤੇ ਮਿਹਨਤੀ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕੀਤੀ ਗਈ ਹੈ।
ਪ੍ਰੀਖਿਆ ਮਾਫੀਆ ਅਤੇ ਭਾੜੇ ਦੇ ਵਿਘਨਕਾਰੀਆਂ ਵਿਰੁੱਧ ਸਖ਼ਤੀ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਪ੍ਰਣਾਲੀ ਨੂੰ ਦੋਸ਼ਮੁਕਤ ਬਣਾਉਣ ਲਈ ਪ੍ਰੀਖਿਆ ਮਾਫੀਆ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਕੁਝ ਤੱਤਾਂ ਵੱਲੋਂ ਪ੍ਰੀਖਿਆ ਪ੍ਰਕਿਰਿਆ ਦੌਰਾਨ ਬੱਚਿਆਂ ਨੂੰ ਗੁੰਮਰਾਹ ਕਰਨ ਅਤੇ ਕਾਨੂੰਨੀ ਅੜਚਨਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਪ੍ਰਸ਼ਾਸਨ ਅਨੁਸਾਰ ਨਵੇਂ ਸੁਧਾਰਾਂ ਅਤੇ ‘ਸੀ.ਬੀ.ਟੀ.’ (CBT) ਮੋਡ ਲਾਗੂ ਹੋਣ ਨਾਲ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦੀ ਬੇਨਿਯਮੀ ਜਾਂ ਪੇਪਰ ਲੀਕ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ, ਅਤੇ ਦੇਸ਼ ਦੀ ਯੁਵਾ ਸ਼ਕਤੀ ਬਿਨਾਂ ਕਿਸੇ ਉਲਝਣ ਦੇ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰ ਸਕੇਗੀ।

