ਲੁਧਿਆਣਾ ਦਿਹਾਤੀ ਪੁਲਿਸ ਨੇ ਸ਼ੁਰੂ ਕੀਤੀ ਅਪਰਾਧਿਕ ਕਾਰਵਾਈ
ਲੁਧਿਆਣਾ :- ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਮਹਿਲਾ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ਦੇ ਆਧਾਰ ਤੇ ਮੁੱਲਾਂਪੁਰ ਦਾਖਾ ਥਾਣੇ ਦੇ ਐੱਸਐੱਚਓ ਸਬ-ਇੰਸਪੈਕਟਰ ਸਾਹਿਬਮੀਤ ਸਿੰਘ ਖ਼ਿਲਾਫ਼ ਜਬਰ-ਜ਼ਨਾਹ ਅਤੇ ਹੋਰ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਐੱਸਐੱਸਪੀ ਨੇ ਕੀਤੀ ਕਾਰਵਾਈ ਦੀ ਪੁਸ਼ਟੀ
ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਰਾਤ ਮੁੱਲਾਂਪੁਰ ਦਾਖਾ ਥਾਣੇ ਵਿੱਚ ਸਾਹਿਬਮੀਤ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਐੱਸਐੱਚਓ ਦੇ ਅਹੁਦੇ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਕਾਨੂੰਨੀ ਜਾਂਚ ਜਾਰੀ ਹੈ।
ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ
ਸ਼ਿਕਾਇਤਕਰਤਾ ਮਹਿਲਾ ਪੁਲਿਸ ਇੰਸਪੈਕਟਰ ਨੇ ਦੋਸ਼ ਲਗਾਇਆ ਹੈ ਕਿ ਉਹ ਮੁਲਜ਼ਮ ਨੂੰ ਕਈ ਸਾਲਾਂ ਤੋਂ ਜਾਣਦੀ ਸੀ ਅਤੇ ਦੋਵਾਂ ਵਿਚਕਾਰ ਨਿੱਜੀ ਜਾਣ-ਪਛਾਣ ਸੀ। ਉਸ ਦਾ ਕਹਿਣਾ ਹੈ ਕਿ ਇੱਕ ਮੁਲਾਕਾਤ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਉਸ ਨੂੰ ਨਸ਼ੀਲਾ ਪਦਾਰਥ ਮਿਲਿਆ ਠੰਢਾ ਪੇਅ ਪਿਲਾਇਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ।
ਵਿਆਹ ਦਾ ਭਰੋਸਾ ਦੇਣ ਦਾ ਵੀ ਦੋਸ਼
ਸ਼ਿਕਾਇਤ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਬੇਹੋਸ਼ੀ ਦੀ ਹਾਲਤ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਮਹਿਲਾ ਇੰਸਪੈਕਟਰ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨਾਲ ਵਿਆਹ ਕਰਨ ਦਾ ਭਰੋਸਾ ਦਿੱਤਾ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਤੱਥਾਂ ਅਤੇ ਸਬੂਤਾਂ ਦੀ ਕਾਨੂੰਨ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

