ਅੰਮ੍ਰਿਤਸਰ :- ਬਟਾਲਾ ਰੋਡ ’ਤੇ ਰਾਤ ਦੇ ਸਮੇਂ ਸਨਸਨੀਖੇਜ਼ ਘਟਨਾ ਵਾਪਰੀ, ਜਦੋਂ ਲੋਕਾਂ ਨੇ ਤਾਬੜਤੋੜ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਾਣਕਾਰੀ ਅਨੁਸਾਰ, ਰਾਤ 10:30 ਵਜੇ ਦੋ ਨੌਜਵਾਨ ਬਾਈਕ ’ਤੇ ਆਏ। ਇਕ ਨੌਜਵਾਨ ਬਾਈਕ ’ਤੇ ਖੜ੍ਹਾ ਰਿਹਾ ਅਤੇ ਦੂਜਾ ਰੈਸਟੋਰੈਂਟ ਵਿੱਚ ਦਾਖਲ ਹੋ ਕੇ ਪਾਣੀ ਦੀ ਬੋਤਲ ਮੰਗਣ ਲੱਗਾ।
ਗੋਲੀਆਂ ਚਲਾਉਣ ਨਾਲ ਮਾਲਕ ਦੀ ਮੌਤ
ਰੈਸਟੋਰੈਂਟ ਮਾਲਕ ਆਸ਼ੂਤੋਸ਼ ਨੇ ਪਾਣੀ ਦੀ ਬੋਤਲ ਦੇਣ ਲਈ ਜਦੋਂ ਕੋਸ਼ਿਸ਼ ਕੀਤੀ, ਤਾਂ ਉਕਤ ਨੌਜਵਾਨ ਨੇ ਉਸ ’ਤੇ 6 ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਆਸ਼ੂਤੋਸ਼ ਦੇ ਸਰੀਰ ’ਤੇ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜ਼ਖਮੀ ਆਸ਼ੂਤੋਸ਼ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲਸ ਦੀ ਕਾਰਵਾਈ ਅਤੇ ਜਾਂਚ
ਸੂਚਨਾ ਮਿਲਣ ’ਤੇ ਪਹਿਲਾਂ ਮੋਹਕਮਪੁਰਾ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਬਾਅਦ ਵਿੱਚ ਪਤਾ ਲੱਗਾ ਕਿ ਇਹ ਇਲਾਕਾ ਏ ਡਵੀਜ਼ਨ ਥਾਣੇ ਦੇ ਅਧੀਨ ਆਉਂਦਾ ਹੈ। ਪੁਲਸ ਨੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦੇ ਅਨੁਸਾਰ, ਗੋਲੀਆਂ ਚਲਾਉਣ ਵਾਲੇ ਨੌਜਵਾਨ ਗੈਂਗਸਟਰ ਹਨ ਅਤੇ ਵੱਡੇ ਗੈਂਗ ਨਾਲ ਸੰਬੰਧਿਤ ਹਨ। ਮੁਲਜ਼ਮਾਂ ਦੀ ਪਕੜ ਲਈ ਪੁਲਸ ਹਰੇਕ ਐਂਗਲ ਤੋਂ ਜਾਂਚ ਕਰ ਰਹੀ ਹੈ।