ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਨਸੂਨ ਮੁੜ ਸਰਗਰਮ ਹੋਣ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ 27 ਤੋਂ 29 ਜੁਲਾਈ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਉਂਦਿਆਂ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤੇਜ਼ ਹਵਾਵਾਂ, ਗਰਜ-ਚਮਕ ਅਤੇ ਕਈ ਥਾਵਾਂ ‘ਤੇ ਪਾਣੀ ਭਰਨ ਦੀ ਸਥਿਤੀ ਬਣ ਸਕਦੀ ਹੈ।
ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਮੀਂਹ ਦਰਜ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਕੁਝ ਥਾਵਾਂ ‘ਤੇ ਭਾਰੀ ਵਰਖਾ ਵੀ ਹੋਈ। ਸਭ ਤੋਂ ਵੱਧ 83.5 ਮਿਲੀਮੀਟਰ ਮੀਂਹ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅਬੋਹਰ ਵਿੱਚ 33 ਮਿਲੀਮੀਟਰ, ਗੁਰਦਾਸਪੁਰ ਵਿੱਚ 33.5 ਮਿਲੀਮੀਟਰ, ਪਠਾਨਕੋਟ ਦੇ ਕੇਵੀਕੇ ਕੇਂਦਰ ਵਿੱਚ 18 ਮਿਲੀਮੀਟਰ, ਹੁਸ਼ਿਆਰਪੁਰ ਦੇ ਸਲੇਰਾਂ ਵਿੱਚ 17 ਮਿਲੀਮੀਟਰ ਅਤੇ ਫਰੀਦਕੋਟ ਵਿੱਚ 16 ਮਿਲੀਮੀਟਰ ਵਰਖਾ ਦਰਜ ਕੀਤੀ ਗਈ।
ਚੰਡੀਗੜ੍ਹ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 2.7 ਮਿਲੀਮੀਟਰ ਮੀਂਹ ਪਿਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਰਿਹਾ।
ਬਠਿੰਡਾ ਸਭ ਤੋਂ ਗਰਮ ਰਿਹਾ
ਸੂਬੇ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਆਮ ਪੱਧਰ ਦੇ ਨੇੜੇ ਹੀ ਬਣਿਆ ਹੋਇਆ ਹੈ। ਬਠਿੰਡਾ ਹਵਾਈ ਅੱਡੇ ‘ਤੇ ਪੰਜਾਬ ਦਾ ਸਭ ਤੋਂ ਵੱਧ 36.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਟਿਆਲਾ ਵਿੱਚ 34.3 ਡਿਗਰੀ, ਚੰਡੀਗੜ੍ਹ ਵਿੱਚ 34.7 ਡਿਗਰੀ, ਲੁਧਿਆਣਾ ਵਿੱਚ 33.4 ਡਿਗਰੀ ਅਤੇ ਅੰਮ੍ਰਿਤਸਰ ਵਿੱਚ 30.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਿਹਾ। ਦੂਜੇ ਪਾਸੇ ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
26 ਜੁਲਾਈ ਤੱਕ ਛਿੱਟਪੁੱਟ ਮੀਂਹ, 27 ਤੋਂ ਮੌਨਸੂਨ ਹੋਵੇਗਾ ਸਰਗਰਮ
ਮੌਸਮ ਵਿਭਾਗ ਅਨੁਸਾਰ 24 ਤੋਂ 26 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਗਰਜ-ਚਮਕ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ, ਜਦਕਿ 25 ਜੁਲਾਈ ਨੂੰ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਵੀ ਸੰਭਾਵਨਾ ਹੈ। 26 ਜੁਲਾਈ ਨੂੰ ਵੀ ਬੱਦਲਵਾਈ ਅਤੇ ਛਿੱਟਪੁੱਟ ਵਰਖਾ ਜਾਰੀ ਰਹਿ ਸਕਦੀ ਹੈ।
27 ਤੋਂ 29 ਜੁਲਾਈ ਦੌਰਾਨ ਵਿਆਪਕ ਵਰਖਾ ਦੇ ਆਸਾਰ
ਮੌਸਮ ਵਿਭਾਗ ਦਾ ਕਹਿਣਾ ਹੈ ਕਿ 27 ਜੁਲਾਈ ਤੋਂ ਮੌਨਸੂਨ ਦੀ ਸਰਗਰਮੀ ਵਿੱਚ ਤੇਜ਼ੀ ਆਵੇਗੀ। 27 ਤੋਂ 29 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਵੀ ਹੋ ਸਕਦੀ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ, ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਗਰਜ-ਚਮਕ ਸਮੇਂ ਖੁੱਲ੍ਹੀਆਂ ਥਾਵਾਂ ਜਾਂ ਦਰੱਖਤਾਂ ਹੇਠ ਖੜ੍ਹੇ ਨਾ ਹੋਣ ਦੀ ਸਲਾਹ ਦਿੱਤੀ ਹੈ। ਨਾਲ ਹੀ ਲੋਕਾਂ ਨੂੰ ਮੌਸਮ ਨਾਲ ਸਬੰਧਤ ਅਧਿਕਾਰਤ ਜਾਣਕਾਰੀ ‘ਤੇ ਨਜ਼ਰ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

