ਜੰਮੂ :- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਇਹ ਹਮਲਾ ਲਾਲ ਚੌਕ ਦੇ ਕੋਤਵਾਲ ਗਲੀ ਇਲਾਕੇ ਵਿੱਚ ਹੋਇਆ, ਜਿਸ ਵਿੱਚ ਇੱਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ। ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਅਮਰਨਾਥ ਯਾਤਰਾ ਦੀ ਸੁਰੱਖਿਆ ਡਿਊਟੀ ‘ਤੇ ਸੀ ਸ਼ਹੀਦ ਜਵਾਨ
ਪੁਲਿਸ ਮੁਤਾਬਕ ਸ਼ਹੀਦ ਹੋਏ ਜਵਾਨ ਦੀ ਪਛਾਣ ਤੀਜੀ ਇੰਡੀਆ ਰਿਜ਼ਰਵ ਬਟਾਲੀਅਨ (IR) ਦੇ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਵਜੋਂ ਹੋਈ ਹੈ। ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸਨ। ਹਮਲੇ ਦੌਰਾਨ ਉਨ੍ਹਾਂ ਨੂੰ ਗੋਲੀ ਲੱਗੀ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਹਮਲੇ ਦੀ ਜ਼ਿੰਮੇਵਾਰੀ TRF ਨੇ ਲਈ
ਹਮਲੇ ਤੋਂ ਕੁਝ ਸਮੇਂ ਬਾਅਦ ‘ਦਿ ਰੇਜ਼ਿਸਟੈਂਸ ਫਰੰਟ’ (TRF) ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜ਼ਿੰਮੇਵਾਰੀ ਲਈ ਹੈ। ਸੁਰੱਖਿਆ ਏਜੰਸੀਆਂ TRF ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਇੱਕ ਪ੍ਰੌਕਸੀ ਗਰੁੱਪ ਮੰਨਦੀਆਂ ਹਨ।
ਭੀੜ-ਭੜੱਕੇ ਵਾਲੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਜਿਸ ਥਾਂ ਇਹ ਹਮਲਾ ਹੋਇਆ, ਉਹ ਅਨੰਤਨਾਗ ਦਾ ਸਭ ਤੋਂ ਵਿਅਸਤ ਬਾਜ਼ਾਰੀ ਇਲਾਕਾ ਮੰਨਿਆ ਜਾਂਦਾ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੁਰੱਖਿਆ ਬਲਾਂ ਨੇ ਤੁਰੰਤ ਮੋਰਚਾ ਸੰਭਾਲਦੇ ਹੋਏ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਸ਼ੱਕੀ ਅੱਤਵਾਦੀਆਂ ਦੀ ਭਾਲ ਲਈ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਹਾਲ ਹੀ ਵਿੱਚ ਵੀ ਹੋਈ ਸੀ ਘੁਸਪੈਠ ਦੀ ਕੋਸ਼ਿਸ਼
ਇਸ ਤੋਂ ਪਹਿਲਾਂ ਰਾਜੌਰੀ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਫੌਜ ਅਤੇ ਅੱਤਵਾਦੀਆਂ ਵਿਚਾਲੇ ਕਾਫ਼ੀ ਸਮੇਂ ਤੱਕ ਮੁਕਾਬਲਾ ਚੱਲਿਆ। ਉੱਧਰ ਸੁਰੱਖਿਆ ਬਲਾਂ ਨੇ ਹਾਲ ਹੀ ਵਿੱਚ ਸ਼ੋਪੀਆਂ ਵਿੱਚ ਇੱਕ ਅਭਿਆਨ ਦੌਰਾਨ ਲਸ਼ਕਰ-ਏ-ਤੋਇਬਾ ਦੇ ਇੱਕ ਚੋਟੀ ਦੇ ਕਮਾਂਡਰ ਨੂੰ ਵੀ ਢੇਰ ਕੀਤਾ ਸੀ।

