ਯਮੁਨਾਨਗਰ :- ਰੂਸ-ਯੂਕ੍ਰੇਨ ਜੰਗ ਦੇ ਦਰਮਿਆਨ ਹੋਏ ਇੱਕ ਮਿਜ਼ਾਈਲ ਹਮਲੇ ਨੇ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪੰਜੇਟੋ ਪਿੰਡ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਛੀਣ ਲਈਆਂ ਹਨ। ਯੂਕ੍ਰੇਨ ਦੇ ਓਡੇਸਾ ਬੰਦਰਗਾਹ ਨੇੜੇ ਇੱਕ ਵਪਾਰੀ ਜਹਾਜ਼ ‘ਤੇ ਹੋਏ ਹਮਲੇ ਵਿੱਚ ਮਰਚੈਂਟ ਨੇਵੀ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਬਾਠ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਚਾਰ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਅਤੇ ਇੱਕ ਹੋਰ ਭਾਰਤੀ ਮਲਾਹ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਓਡੇਸਾ ਤੋਂ ਰਵਾਨਗੀ ਮਗਰੋਂ ਹੋਇਆ ਹਮਲਾ
ਪਰਿਵਾਰਕ ਸਰੋਤਾਂ ਅਨੁਸਾਰ ਗੁਰਪ੍ਰੀਤ ਸਿੰਘ ਗਿਨੀ-ਬਿਸਾਓ ਦੇ ਝੰਡੇ ਵਾਲੇ ਵਪਾਰੀ ਜਹਾਜ਼ ਐੱਮ.ਵੀ. ਗੋਲਡਨ ਲੀਓ ‘ਤੇ ਤਾਇਨਾਤ ਸਨ। ਦੱਸਿਆ ਜਾ ਰਿਹਾ ਹੈ ਕਿ 19 ਜੁਲਾਈ ਦੀ ਸ਼ਾਮ ਜਦੋਂ ਜਹਾਜ਼ ਓਡੇਸਾ ਬੰਦਰਗਾਹ ਤੋਂ ਰਵਾਨਾ ਹੋਇਆ ਤਾਂ ਕੁਝ ਹੀ ਸਮੇਂ ਬਾਅਦ ਉਸ ‘ਤੇ ਕਰੂਜ਼ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ‘ਤੇ ਮੌਜੂਦ ਕਈ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।
ਕੰਪਨੀ ਨੇ ਫੋਨ ਕਰਕੇ ਦਿੱਤੀ ਮੌਤ ਦੀ ਸੂਚਨਾ
ਗੁਰਪ੍ਰੀਤ ਦੇ ਪਰਿਵਾਰ ਨੂੰ ਸੋਮਵਾਰ ਦੁਪਹਿਰ ਕੰਪਨੀ ਵੱਲੋਂ ਫੋਨ ਰਾਹੀਂ ਹਾਦਸੇ ਅਤੇ ਮੌਤ ਦੀ ਜਾਣਕਾਰੀ ਦਿੱਤੀ ਗਈ। ਇਸ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਪਰਿਵਾਰ ਦਾ ਇਕਲੌਤਾ ਪੁੱਤਰ ਸੀ ਗੁਰਪ੍ਰੀਤ
ਗੁਰਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਛੇ ਮਹੀਨੇ ਦੀ ਇੱਕ ਧੀ ਹੈ। ਪਰਿਵਾਰ ਨੇ ਦੱਸਿਆ ਕਿ 2016 ਵਿੱਚ ਹੋਏ ਇੱਕ ਸੜਕ ਹਾਦਸੇ ਦੌਰਾਨ ਉਸਦੇ ਪਿਤਾ ਕੀਰਤਨ ਸਿੰਘ ਦੀ ਇੱਕ ਲੱਤ ਕੱਟਣੀ ਪਈ ਸੀ। ਇਸ ਤੋਂ ਬਾਅਦ ਗੁਰਪ੍ਰੀਤ ਹੀ ਘਰ ਦੀ ਆਰਥਿਕ ਜ਼ਿੰਮੇਵਾਰੀ ਸੰਭਾਲ ਰਿਹਾ ਸੀ।
ਸ਼ਨਿੱਚਰਵਾਰ ਨੂੰ ਹੋਈ ਸੀ ਆਖ਼ਰੀ ਗੱਲਬਾਤ
ਪਿਤਾ ਕੀਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖ਼ਰੀ ਵਾਰ ਸ਼ਨਿੱਚਰਵਾਰ ਸ਼ਾਮ ਨੂੰ ਵੀਡੀਓ ਕਾਲ ‘ਤੇ ਗੱਲ ਹੋਈ ਸੀ। ਗੁਰਪ੍ਰੀਤ ਨੇ ਪਰਿਵਾਰ ਦਾ ਹਾਲ-ਚਾਲ ਪੁੱਛਿਆ ਅਤੇ ਆਪਣੀ ਨਿੱਕੀ ਧੀ ਨੂੰ ਵੀਡੀਓ ਕਾਲ ‘ਤੇ ਦੇਖਿਆ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਗੱਲਬਾਤ ਸਾਬਤ ਹੋਵੇਗੀ।
ਲਾਸ਼ ਜਲਦੀ ਭਾਰਤ ਲਿਆਂਦੀ ਜਾਵੇ : ਪਰਿਵਾਰ
ਦੁੱਖੀ ਪਿਤਾ ਨੇ ਭਾਰਤ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ, ਤਾਂ ਜੋ ਉਸ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾ ਸਕੇ। ਪਰਿਵਾਰ ਮੁਤਾਬਕ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਣ ਵਿੱਚ ਲਗਭਗ 10 ਦਿਨ ਲੱਗ ਸਕਦੇ ਹਨ।
ਪਿੰਡ ਵਾਸੀਆਂ ਨੇ ਵੀ ਕੀਤੀ ਸਰਕਾਰ ਕੋਲ ਮੰਗ
ਗੁਰਪ੍ਰੀਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੰਜੇਟੋ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਲੋਕਾਂ ਨੇ ਵੀ ਕੇਂਦਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਜੰਗੀ ਹਾਲਾਤਾਂ ਦੇ ਬਾਵਜੂਦ ਮ੍ਰਿਤਕ ਦੇਹ ਨੂੰ ਜਲਦੀ ਵਤਨ ਲਿਆਂਦਾ ਜਾਵੇ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ।

