ਸਿੱਕਮ :- ਸਿੱਕਮ ਵਿੱਚ ਸੋਮਵਾਰ ਨੂੰ ਇੱਕ ਵੱਡਾ ਉਦਯੋਗਿਕ ਹਾਦਸਾ ਵਾਪਰ ਗਿਆ, ਜਿੱਥੇ ਜ਼ਮੀਨ ਖਿਸਕਣ ਕਾਰਨ ਨਿਰਮਾਣ ਅਧੀਨ ਸੁਰੰਗ ਦਾ ਦਾਖ਼ਲਾ ਰਸਤਾ ਅਚਾਨਕ ਬੰਦ ਹੋ ਗਿਆ। ਇਸ ਘਟਨਾ ਵੇਲੇ ਸੁਰੰਗ ਦੇ ਅੰਦਰ ਕੰਮ ਕਰ ਰਹੇ ਕਈ ਮਜ਼ਦੂਰ ਫਸ ਗਏ। ਮੰਗਲਵਾਰ ਨੂੰ ਪ੍ਰਸ਼ਾਸਨ ਨੇ ਸੱਤ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਦਕਿ ਬਾਕੀ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
27 ਮਜ਼ਦੂਰ ਸਨ ਸੁਰੰਗ ਅੰਦਰ, ਸਹੀ ਗਿਣਤੀ ਦੀ ਹੋ ਰਹੀ ਪੁਸ਼ਟੀ
ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਸੁਰੰਗ ਦੇ ਅੰਦਰ 27 ਮਜ਼ਦੂਰ ਮੌਜੂਦ ਸਨ। ਇਨ੍ਹਾਂ ਵਿੱਚੋਂ 21 ਮਜ਼ਦੂਰ ਪਟੇਲ ਇੰਜੀਨੀਅਰਿੰਗ ਕੰਪਨੀ ਨਾਲ ਅਤੇ ਛੇ ਐਨਐਚਪੀਸੀ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਅੰਦਰ ਫਸੇ ਲੋਕਾਂ ਦੀ ਅਸਲ ਗਿਣਤੀ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਪੂਰੀ ਤਸਦੀਕ ਬਚਾਅ ਕਾਰਜ ਅੱਗੇ ਵਧਣ ਤੋਂ ਬਾਅਦ ਹੀ ਹੋ ਸਕੇਗੀ।
ਜ਼ਹਿਰੀਲੀ ਗੈਸ ਬਣੀ ਬਚਾਅ ਮੁਹਿੰਮ ਲਈ ਵੱਡੀ ਚੁਣੌਤੀ
ਅਧਿਕਾਰੀਆਂ ਮੁਤਾਬਕ ਸੁਰੰਗ ਦੇ ਅੰਦਰ ਗੈਸ ਦੀ ਮੌਜੂਦਗੀ ਕਾਰਨ ਰਾਹਤ ਕਾਰਜਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਦਲ ਦੇ ਕਈ ਮੈਂਬਰਾਂ ਨੂੰ ਅੰਦਰ ਕੰਮ ਦੌਰਾਨ ਚੱਕਰ ਆਏ, ਜਦਕਿ ਕੁਝ ਬੇਹੋਸ਼ ਵੀ ਹੋ ਗਏ। ਇਸ ਕਾਰਨ ਰਾਹਤ ਮੁਹਿੰਮ ਨੂੰ ਬਹੁਤ ਸਾਵਧਾਨੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਮ੍ਰਿਤਕਾਂ ਦੀਆਂ ਲਾਸ਼ਾਂ ਵੱਖ-ਵੱਖ ਹਸਪਤਾਲਾਂ ਭੇਜੀਆਂ
ਜ਼ਿਲ੍ਹਾ ਪ੍ਰਸ਼ਾਸਨ ਨੇ ਸੱਤ ਮੌਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਲਈ ਸਿੰਗਤਮ ਜ਼ਿਲ੍ਹਾ ਹਸਪਤਾਲ, ਗੰਗਟੋਕ ਦੇ ਐਸਟੀਐਨਐਮ ਹਸਪਤਾਲ ਅਤੇ ਨਾਮਚੀ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
ਕਈ ਏਜੰਸੀਆਂ ਸਾਂਝੇ ਤੌਰ ‘ਤੇ ਚਲਾ ਰਹੀਆਂ ਹਨ ਬਚਾਅ ਮੁਹਿੰਮ
ਸਮਰਦੁੰਗ-ਮਾਮਰਿੰਗ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਨਾਮਚੀ ਜ਼ਿਲ੍ਹਾ ਪ੍ਰਸ਼ਾਸਨ, ਸਿੱਕਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਸਐੱਸਡੀਐੱਮਏ) ਅਤੇ ਹੋਰ ਸਰਕਾਰੀ ਏਜੰਸੀਆਂ ਮਿਲ ਕੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ), ਰਾਜ ਆਫ਼ਤ ਪ੍ਰਤੀਕਿਰਿਆ ਬਲ (ਐੱਸਡੀਆਰਐੱਫ), ਸਿੱਕਮ ਪੁਲਿਸ, ਫਾਇਰ ਐਂਡ ਐਮਰਜੈਂਸੀ ਸੇਵਾਵਾਂ, ਐਨਐਚਪੀਸੀ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਵੀ ਮੌਕੇ ‘ਤੇ ਤਾਇਨਾਤ ਹਨ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।

