ਪਠਾਨਕੋਟ :- ਪਹਾੜੀ ਇਲਾਕਿਆਂ ਵਿੱਚ ਪਈ ਭਾਰੀ ਬਾਰਿਸ਼ ਦਾ ਅਸਰ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਵੀ ਦੇਖਣ ਨੂੰ ਮਿਲਿਆ। ਰਾਤ ਕਰੀਬ ਦੋ ਵਜੇ ਦਰਿਆ ਦਾ ਜਲ ਪੱਧਰ ਤੇਜ਼ੀ ਨਾਲ ਵਧਣਾ ਸ਼ੁਰੂ ਹੋਇਆ, ਜੋ ਸਵੇਰੇ ਪੰਜ ਵਜੇ ਤੱਕ ਲਗਾਤਾਰ ਚੜ੍ਹਦਾ ਰਿਹਾ। ਹਾਲਾਂਕਿ ਬਾਅਦ ਵਿੱਚ ਪਹਾੜਾਂ ਵਿੱਚ ਮੀਂਹ ਰੁਕਣ ਨਾਲ ਪਾਣੀ ਦਾ ਪੱਧਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ, ਜਿਸ ਨਾਲ ਦਰਿਆ ਕੰਢੇ ਵੱਸਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ।
ਸੈਲੀ ਖੁੱਲੀਆਂ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
ਪਾਣੀ ਘਟਣ ਕਾਰਨ ਸੈਲੀ ਖੁੱਲੀਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ। ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ।
ਰੇਲਵੇ ਪੁਲ ਇਸ ਵਾਰ ਰਿਹਾ ਸੁਰੱਖਿਅਤ
ਜੰਮੂ-ਜਲੰਧਰ ਰੇਲਵੇ ਲਾਈਨ ‘ਤੇ ਚੱਕੀ ਦਰਿਆ ਉੱਪਰ ਬਣਿਆ ਪੁਲ ਇਸ ਵਾਰ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ। ਪਿਛਲੇ ਸਾਲ ਆਏ ਹੜ੍ਹ ਦੌਰਾਨ ਇਸ ਪੁਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਤੋਂ ਬਾਅਦ ਰੇਲਵੇ ਵਿਭਾਗ ਨੇ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਬਚਾਅ ਕਾਰਜ ਕਰਵਾਏ ਸਨ।
ਰਿਟੇਨਿੰਗ ਵਾਲ ਕੋਲ ਅਜੇ ਵੀ ਬਣਿਆ ਹੋਇਆ ਹੈ ਖ਼ਤਰਾ
ਭਾਵੇਂ ਇਸ ਵੇਲੇ ਸਥਿਤੀ ਕਾਬੂ ਹੇਠ ਹੈ, ਪਰ ਦਰਿਆ ਕਿਨਾਰੇ ਬਣੀ ਰਿਟੇਨਿੰਗ ਵਾਲ ਦੇ ਪਿਛਲੇ ਹਿੱਸੇ ਵਿੱਚ ਮਿੱਟੀ ਖਾਲੀ ਹੋਣ ਕਾਰਨ ਕਟਾਅ ਦਾ ਖ਼ਤਰਾ ਬਣਿਆ ਹੋਇਆ ਹੈ। ਜੇਕਰ ਪਹਾੜੀ ਖੇਤਰਾਂ ਵਿੱਚ ਲਗਾਤਾਰ ਭਾਰੀ ਮੀਂਹ ਪੈਂਦਾ ਹੈ ਤਾਂ ਪਾਣੀ ਦਾ ਦਬਾਅ ਵਧਣ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
15 ਤੋਂ 16 ਹਜ਼ਾਰ ਕਿਊਸਕ ਪਾਣੀ ਲੰਘਿਆ
ਜਾਣਕਾਰੀ ਅਨੁਸਾਰ ਚੱਕੀ ਦਰਿਆ ਵਿੱਚ ਕਰੀਬ 15 ਤੋਂ 16 ਹਜ਼ਾਰ ਕਿਊਸਕ ਪਾਣੀ ਦਾ ਵਹਾਅ ਦਰਜ ਕੀਤਾ ਗਿਆ। ਹਾਲਾਂਕਿ ਇਸ ਸਮੇਂ ਪਾਣੀ ਦਾ ਪੱਧਰ ਘਟਿਆ ਹੈ, ਪਰ ਪਹਾੜੀ ਇਲਾਕਿਆਂ ਵਿੱਚ ਬੱਦਲ ਛਾਏ ਰਹਿਣ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

