ਚੰਡੀਗੜ੍ਹ :- ਭਾਰੀ ਮੀਂਹ ਕਾਰਨ ਬੀਤੀ ਰਾਤ ਪਿੰਡ ਝਬੇਲਵਾਲੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਗਰੀਬ ਕਿਸਾਨ ਹਰਬੰਸ ਸਿੰਘ ਦਾ ਪਸ਼ੂ ਸ਼ੈਡ ਅਚਾਨਕ ਢਹਿ ਗਿਆ, ਜਿਸ ਨਾਲ ਲਗਭਗ 40 ਬੱਕਰੀਆਂ ਮੌਕੇ ‘ਤੇ ਹੀ ਮਰ ਗਈਆਂ ਅਤੇ ਕਈ ਹੋਰ ਭੇਡਾਂ ਤੇ ਬੱਕਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਪਰਿਵਾਰ ਦਾ ਦਾਅਵਾ ਹੈ ਕਿ ਉਹਨਾਂ ਦਾ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ।
ਪਿੰਡ ਵਾਸੀਆਂ ਨੇ ਕੀਤਾ ਬਚਾਅ, ਪਰਿਵਾਰ ਨੂੰ ਲੱਗਾ ਝਟਕਾ
ਘਟਨਾ ਦੀ ਖ਼ਬਰ ਮਿਲਣ ‘ਤੇ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਮਲਬਾ ਹਟਾ ਕੇ ਕੁਝ ਪਸ਼ੂਆਂ ਨੂੰ ਬਚਾ ਲਿਆ। ਪਰ, ਵੱਡੇ ਪੱਧਰ ’ਤੇ ਹੋਈ ਹਾਨੀ ਨਾਲ ਪਰਿਵਾਰ ਹਾਲੇ ਵੀ ਗਹਿਰੇ ਸਦਮੇ ਵਿੱਚ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਵਿੱਤੀ ਮਦਦ ਜਾਰੀ ਕਰਕੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।
ਸਰਕਾਰ ਦੀ ਨੀਤੀ ’ਤੇ ਉਠੇ ਸਵਾਲ
ਕਿਸਾਨ ਯੂਨੀਅਨ ਨੇ ਯਾਦ ਦਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਕਹਿ ਚੁੱਕੇ ਹਨ ਕਿ ਕੁਦਰਤੀ ਆਫਤਾਂ ਵਿੱਚ ਛੋਟੇ ਤੋਂ ਛੋਟੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਪਰ ਮੌਜੂਦਾ ਹੜ੍ਹ ਸਥਿਤੀ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਹਾਲੇ ਤੱਕ ਢੰਗ ਨਾਲ ਰਾਹਤ ਨਹੀਂ ਮਿਲੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ।
ਪ੍ਰਸ਼ਾਸਨ ਵੱਲੋਂ ਜਾਇਜ਼ਾ, ਪਰ ਕਾਰਵਾਈ ਦੀ ਉਡੀਕ
ਐੱਸਡੀਐੱਮ ਬਲਜੀਤ ਕੌਰ ਨੇ ਮੌਕੇ ਦਾ ਦੌਰਾ ਕਰਕੇ ਨੁਕਸਾਨ ਦੀ ਜਾਂਚ ਕੀਤੀ ਹੈ। ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਫੌਰੀ ਮੁਆਵਜ਼ਾ ਜਾਰੀ ਕੀਤਾ ਜਾਵੇ।