ਆਸਟ੍ਰੇਲੀਆ :- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੈਲਬੌਰਨ ਦੇ ਪਲੰਪਟਨ ਵਿਖੇ ਸਥਿਤ ਗੁਰਦੁਆਰਾ ‘ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ’ ਦਾ ਦੌਰਾ ਕਰਕੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ, ਸੰਗਤ ਨਾਲ ਰੂ-ਬ-ਰੂ ਹੋਈਆਂ ਅਤੇ ਗੁਰੂ ਘਰ ਵਿੱਚ ਚੱਲ ਰਹੀ ਲੰਗਰ ਸੇਵਾ ਵਿੱਚ ਵੀ ਹਿੱਸਾ ਲਿਆ।
ਸੰਗਤ ਨਾਲ ਮਿਲ ਕੇ ਜਾਣਿਆ ਗੁਰੂ ਘਰ ਦਾ ਕਾਰਜ-ਕਾਜ
ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਦੌਰਾਨ ਪ੍ਰੀਮੀਅਰ ਨੇ ਸੰਗਤ ਨਾਲ ਗੱਲਬਾਤ ਕੀਤੀ ਅਤੇ ਪ੍ਰਬੰਧਕ ਕਮੇਟੀ ਤੋਂ ਗੁਰੂ ਘਰ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ, ਸਮਾਜਿਕ ਅਤੇ ਲੋਕ-ਭਲਾਈ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸਿਡਨਮ ਤੋਂ ਉਮੀਦਵਾਰ ਯੂਰਸ ਡੇਸਿਕ ਵੀ ਉਨ੍ਹਾਂ ਨਾਲ ਮੌਜੂਦ ਸਨ।
ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ
ਦੌਰੇ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਵਿਕਟੋਰੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਨਾਲ ਜੁੜੇ ਕਈ ਅਹਿਮ ਮਸਲਿਆਂ ਤੋਂ ਪ੍ਰੀਮੀਅਰ ਨੂੰ ਜਾਣੂ ਕਰਵਾਇਆ। ਨਾਲ ਹੀ ਗੁਰੂ ਘਰ ਵੱਲੋਂ ਸਮਾਜ ਸੇਵਾ ਅਤੇ ਭਾਈਚਾਰਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ ਗਈ।
ਖੇਡ ਮੈਦਾਨ ਦਾ ਵੀ ਕੀਤਾ ਦੌਰਾ
ਗੁਰਦੁਆਰਾ ਸਾਹਿਬ ਦੇ ਦੌਰੇ ਤੋਂ ਬਾਅਦ ਜੈਸਿੰਟਾ ਐਲਨ ਨੇ ‘ਖਾਲਸਾ ਛਾਉਣੀ ਸਪੋਰਟਸ ਕਲੱਬ’ ਦੇ ਖੇਡ ਮੈਦਾਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਉੱਥੇ ਚੱਲ ਰਹੀਆਂ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਅਤੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।
ਸਿਰੋਪਾਓ ਦੇ ਕੇ ਕੀਤਾ ਸਨਮਾਨ
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪ੍ਰੀਮੀਅਰ ਨੂੰ ਸਿੱਖ ਇਤਿਹਾਸ, ਗੁਰੂ ਪਰੰਪਰਾ ਅਤੇ ਸਿੱਖ ਧਰਮ ਦੀਆਂ ਰਵਾਇਤਾਂ ਬਾਰੇ ਜਾਣਕਾਰੀ ਦਿੱਤੀ। ਦੌਰੇ ਦੇ ਅੰਤ ਵਿੱਚ ਗੁਰੂ ਘਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

