ਅੰਮ੍ਰਿਤਸਰ ਦੇ ਦਰਵਾਜਿਆਂ ਵਿੱਚੋਂ ਇਕ ਪ੍ਰਸਿੱਧ ਅਤੇ ਇਤਿਹਾਸਕ ਦਰਵਾਜ਼ਾ ਹਾਲ ਗੇਟ, ਜੋ ਬ੍ਰਿਟਿਸ਼ ਰਾਜ ਦੌਰਾਨ ਤਿਆਰ ਹੋਇਆ ਸੀ — ਉਸਦੇ ਉੱਤੇ ਲੱਗੀ ਪੁਰਾਤਨ ਘੜੀ ਪਿਛਲੇ ਕਈ ਵਰ੍ਹਿਆਂ ਤੋਂ ਬੰਦ ਪਈ ਹੈ। ਇਹ ਘੜੀ “ਸਰ ਹੈਨਰੀ ਹਾਲ”, ਇੱਕ ਬ੍ਰਿਟਿਸ਼ ਅਧਿਕਾਰੀ ਦੇ ਨਾਮ ‘ਤੇ ਬਣੇ ਹਾਲ ਗੇਟ ‘ਤੇ ਲਗਾਈ ਗਈ ਸੀ। ਬ੍ਰਿਟਿਸ਼ ਸਮੇਂ ਦੌਰਾਨ ਜਦ ਲੋਕਾਂ ਕੋਲ ਆਪਣੇ ਘੜੀਆਂ ਨਹੀਂ ਹੁੰਦੀਆਂ ਸਨ, ਤਾਂ ਇਨ੍ਹਾਂ ਵਰਗੀਆਂ ਜਨਤਕ ਘੜੀਆਂ ਨੂੰ ਜਨਤਾ ਦੀ ਸਹੂਲਤ ਲਈ ਲਗਇਆ ਜਾਂਦਾ ਸੀ।
ਪਰ ਹੁਣ ਇਹ ਇਤਿਹਾਸਕ ਘੜੀ ਨਾ ਸਿਰਫ਼ ਚੱਲਣ ਤੋਂ ਰੁਕ ਗਈ ਹੈ, ਸਗੋਂ ਉਸਦੀ ਉਪਰਲੀ ਮਕੈਨਿਕਲ ਮਸ਼ੀਨਰੀ ਵੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਘੜੀ ਦੀਆਂ ਸਕਿੰਟਾ ਅਤੇ ਮਿੰਟਾਂ ਵਾਲੀਆਂ ਸੂਈਆਂ ਵੀ ਗਾਇਬ ਹਨ।
ਹਾਲਗੇਟ, ਅੰਮ੍ਰਿਤਸਰ ਦੇ ਬਿਲਕੁਲ ਸੈਂਟਰ ਦੇ ਵਿੱਚ ਸਥਿਤ ਹੈ, ਇਥੋਂ ਹੀ ਸ਼੍ਰੀ ਹਰਿਮੰਦਰ ਸਾਹਿਬ ਵਾਲਾ ਰਸਤਾ ਲੰਘਦਾ ਹੈ। ਕਈ ਸਦੀਆਂ ਤੋਂ ਇਹ ਦਰਵਾਜ਼ਾ ਸ਼ਹਿਰ ਦੀ ਪਛਾਣ ਰਿਹਾ ਹੈ, ਪਰ ਇਤਿਹਾਸਕ ਵਿਰਾਸਤ ਦੀ ਇਹ ਨਿਸ਼ਾਨੀ ਅੱਜ ਲਾਪਰਵਾਹੀ ਅਤੇ ਅਣਡਿੱਠੇਪਣ ਦੀ ਭੇਂਟ ਚੜ੍ਹੀ ਹੋਈ ਹੈ।
ਸਵਾਲ ਇਹ ਹੈ ਕਿ ਕੀ ਅੰਮ੍ਰਿਤਸਰ ਵਾਸੀ ਆਪਣੀ ਵਿਰਾਸਤ ਬਚਾਉਣ ਲਈ ਕਿਉਂ ਨਹੀਂ ਜਾਗਦੇ? ਕਿਉਂ ਨਹੀਂ ਇਸ ਇਤਿਹਾਸਕ ਘੜੀ ਦੀ ਮੁਰੰਮਤ ਕਰਵਾ ਕੇ ਦੁਬਾਰਾ ਟਿੱਕ-ਟਿੱਕ ਚਾਲੂ ਕਰਵਾਈ ਜਾਂਦੀ?