ਚੰਡੀਗੜ੍ਹ :- ਸੁਲਤਾਨਪੁਰ ਲੋਧੀ ਖੇਤਰ ਵਿੱਚ ਬਿਆਸ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ। ਮੰਡ ਖੇਤਰ ਵਿੱਚ ਹੜ੍ਹ ਰੋਕਣ ਲਈ ਬਣਾਏ ਗਏ ਆਰਜ਼ੀ ਬੰਨ੍ਹ 6 ਥਾਵਾਂ ਤੋਂ ਟੁੱਟ ਗਏ ਹਨ। ਇਸ ਕਾਰਨ ਕਰੀਬ 50 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ।
ਕਿਸਾਨਾਂ ਦੀਆਂ ਫਸਲਾਂ ਪਾਣੀ ਹੇਠ
ਪਿੰਡ ਸਰੂਪਵਾਲ, ਚੱਕ ਪੱਤੀ, ਬਾਲੂ ਬਹਾਦਰ, ਹੁਸੈਨਪੁਰ ਬੂਲੇ ਸਮੇਤ ਕਈ ਪਿੰਡਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਅੰਦਾਜ਼ੇ ਮੁਤਾਬਕ 13 ਤੋਂ 14 ਹਜ਼ਾਰ ਏਕੜ ਖੇਤਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ।
ਮੇਨ ਧੁੱਸੀ ਬੰਨ੍ਹ ‘ਤੇ ਵਧਿਆ ਖਤਰਾ
ਆਰਜ਼ੀ ਬੰਨ੍ਹਾਂ ਦੇ ਟੁੱਟਣ ਕਾਰਨ ਹੁਣ ਮੇਨ ਧੁੱਸੀ ਬੰਨ੍ਹ ‘ਤੇ ਵੀ ਵੱਡਾ ਦਬਾਅ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹ ਬੰਨ੍ਹ ਵੀ ਟੁੱਟ ਗਿਆ, ਤਾਂ ਹੋਰ ਸੈਂਕੜੇ ਪਿੰਡ ਹੜ੍ਹ ਦੀ ਲਪੇਟ ‘ਚ ਆ ਜਾਣਗੇ।
ਕਿਸਾਨਾਂ ਦੀ ਸਰਕਾਰ ਨੂੰ ਅਪੀਲ
ਪਹਿਲਾਂ ਹੀ 2023 ਦੇ ਹੜ੍ਹਾਂ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਗੁੱਸੇ ਵਿੱਚ ਹਨ। ਹੁਣ ਉਹ ਸਰਕਾਰ ਨੂੰ ਕਹਿ ਰਹੇ ਹਨ ਕਿ “ਮੇਨ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰੋ, ਨਹੀਂ ਤਾਂ ਵੱਡੀ ਤਬਾਹੀ ਹੋ ਸਕਦੀ ਹੈ।”