ਗੁਰਦਾਸਪੁਰ :- ਗੁਰਦਾਸਪੁਰ ਅਤੇ ਸਰਹੱਦੀ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਰੀਬ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੇ ਬਾਵਜੂਦ ਹਵਾ ਵਿੱਚ ਵਧੀ ਨਮੀ ਕਾਰਨ ਲੋਕਾਂ ਨੂੰ 45 ਡਿਗਰੀ ਤੋਂ ਵੀ ਵੱਧ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਇਸ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਪਸ਼ੂ-ਪੰਛੀਆਂ ਅਤੇ ਬਨਸਪਤੀ ‘ਤੇ ਵੀ ਅਸਰ ਪੈ ਰਿਹਾ ਹੈ। ਸਭ ਤੋਂ ਵੱਧ ਖ਼ਤਰਾ ਛੋਟੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਬਣਿਆ ਹੋਇਆ ਹੈ।
ਬੱਚਿਆਂ ਦਾ ਸਰੀਰ ਗਰਮੀ ਨੂੰ ਸਹਿਣ ਵਿੱਚ ਘੱਟ ਸਮਰੱਥ
ਗੁਰਦਾਸਪੁਰ ਦੇ ਬਾਲ ਰੋਗ ਮਾਹਿਰ ਡਾ. ਗੁਰਖੇਲ ਸਿੰਘ ਕਲਸੀ ਨੇ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਦਾ ਸਰੀਰ ਅਜੇ ਵਿਕਾਸ ਦੇ ਪੜਾਅ ਵਿੱਚ ਹੁੰਦਾ ਹੈ, ਜਿਸ ਕਰਕੇ ਉਹ ਆਪਣੇ ਸਰੀਰ ਦਾ ਤਾਪਮਾਨ ਵੱਡਿਆਂ ਵਾਂਗ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਿਤ ਨਹੀਂ ਕਰ ਸਕਦੇ। ਘੱਟ ਪਸੀਨਾ ਆਉਣ ਅਤੇ ਸਰੀਰ ਦੀ ਤੇਜ਼ ਮੈਟਾਬੋਲਿਕ ਪ੍ਰਕਿਰਿਆ ਕਾਰਨ ਬੱਚਿਆਂ ਵਿੱਚ ਡੀਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਗਰਮੀ ਦੇ ਸੰਪਰਕ ਵਿੱਚ ਰਹਿਣ ਨਾਲ ਬੱਚਿਆਂ ਦੀ ਸਿਹਤ, ਪੜ੍ਹਾਈ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
ਡਾ. ਕਲਸੀ ਨੇ ਦੱਸਿਆ ਕਿ ਇੱਕ ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੀ ਤਕਲੀਫ਼ ਬਿਆਨ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ‘ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ। ਜੇਕਰ ਬੱਚਾ ਲਗਾਤਾਰ ਰੋ ਰਿਹਾ ਹੋਵੇ, ਚਿੜਚਿੜਾ ਹੋ ਜਾਵੇ, ਦੁੱਧ ਜਾਂ ਖੁਰਾਕ ਘੱਟ ਲਵੇ, ਉਲਟੀਆਂ ਕਰੇ, ਪਿਸ਼ਾਬ ਘੱਟ ਆਵੇ ਜਾਂ ਬਹੁਤ ਸੁਸਤ ਦਿਖਾਈ ਦੇਵੇ ਤਾਂ ਇਸ ਨੂੰ ਗੰਭੀਰ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਬਿਨਾਂ ਦੇਰੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਹ ਸਾਵਧਾਨੀਆਂ ਜ਼ਰੂਰੀ
ਉਨ੍ਹਾਂ ਸਲਾਹ ਦਿੱਤੀ ਕਿ ਨਵਜੰਮੇ ਅਤੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਮੇਸ਼ਾ ਠੰਢੇ, ਹਵਾਦਾਰ ਅਤੇ ਛਾਂ ਵਾਲੇ ਸਥਾਨ ‘ਤੇ ਰੱਖਿਆ ਜਾਵੇ। ਉਨ੍ਹਾਂ ਨੂੰ ਹਲਕੇ ਸੂਤੀ ਕੱਪੜੇ ਪਹਿਨਾਏ ਜਾਣ ਅਤੇ ਲੰਬੇ ਸਮੇਂ ਤੱਕ ਗੋਦ ਵਿੱਚ ਰੱਖਣ ਦੀ ਬਜਾਏ ਆਰਾਮਦਾਇਕ ਬਿਸਤਰੇ ‘ਤੇ ਸੁਤਾਇਆ ਜਾਵੇ। ਇਸ ਤੋਂ ਇਲਾਵਾ ਦਿਨ ਵਿੱਚ ਇੱਕ ਵਾਰ ਹਲਕੇ ਕੋਸੇ ਪਾਣੀ ਨਾਲ ਨਹਾਉਣਾ ਵੀ ਲਾਭਕਾਰੀ ਹੈ।
ਵੱਡੇ ਬੱਚਿਆਂ ਲਈ ਵੀ ਖ਼ਾਸ ਸਾਵਧਾਨੀ ਦੀ ਲੋੜ
ਡਾ. ਕਲਸੀ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦੁਪਹਿਰ ਸਮੇਂ ਸਿੱਧੀ ਧੁੱਪ ਵਿੱਚ ਬਾਹਰ ਜਾਣ ਤੋਂ ਬਚਾਇਆ ਜਾਵੇ। ਉਨ੍ਹਾਂ ਨੂੰ ਦਿਨ ਵਿੱਚ ਦੋ ਵਾਰ ਨਹਾਉਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਨਿੰਬੂ ਪਾਣੀ, ਲੱਸੀ, ਸੱਤੂ, ਠੰਢਾ ਦੁੱਧ, ਜਲਜੀਰਾ, ਅੰਬ ਦਾ ਪੰਨਾ ਅਤੇ ਹੋਰ ਘਰੇਲੂ ਪੌਸ਼ਟਿਕ ਪੇਅ ਪਦਾਰਥ ਪਿਲਾਉਣ ਦੀ ਸਲਾਹ ਦਿੱਤੀ ਗਈ ਹੈ।
ਮਾਪਿਆਂ ਨੂੰ ਲਾਪਰਵਾਹੀ ਨਾ ਕਰਨ ਦੀ ਅਪੀਲ
ਬਾਲ ਰੋਗ ਮਾਹਿਰ ਨੇ ਕਿਹਾ ਕਿ ਹੁੰਮਸ ਭਰੀ ਗਰਮੀ ਦੇ ਮੌਜੂਦਾ ਦੌਰ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਪ੍ਰਤੀ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸਮੇਂ ਸਿਰ ਧਿਆਨ ਅਤੇ ਸਹੀ ਦੇਖਭਾਲ ਨਾਲ ਹੀਟ ਸਟ੍ਰੋਕ ਅਤੇ ਗਰਮੀ ਨਾਲ ਜੁੜੀਆਂ ਹੋਰ ਸਿਹਤ ਸਮੱਸਿਆਵਾਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

