ਚੰਡੀਗੜ੍ਹ :- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਵੱਲੋਂ ਅਮਰਿੰਦਰ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫ਼ੈਸਲੇ ਤੋਂ ਬਾਅਦ ਕਈ ਸੀਨੀਅਰ ਆਗੂਆਂ ਵਿੱਚ ਨਾਰਾਜ਼ਗੀ ਦੇ ਸੁਰ ਸੁਣਾਈ ਦੇ ਰਹੇ ਹਨ। ਇਸ ਕਾਰਨ ਪਾਰਟੀ ਅੰਦਰ ਅਗਲੇ ਸਿਆਸੀ ਕਦਮਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਰੰਧਾਵਾ ਦੀ ਦਿੱਲੀ ਫੇਰੀ ਬਣੀ ਚਰਚਾ ਦਾ ਵਿਸ਼ਾ
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਦਿੱਲੀ ਯਾਤਰਾ ਨੇ ਵੀ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜਾਣਕਾਰੀ ਮੁਤਾਬਕ ਉਹ ਚੁੱਪਚਾਪ ਦਿੱਲੀ ਪਹੁੰਚੇ ਹਨ ਅਤੇ ਉਨ੍ਹਾਂ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਰੰਧਾਵਾ ਨੇ ਇਸ ਮਾਮਲੇ ‘ਤੇ ਮੀਡੀਆ ਨਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਥਾਂ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਚੰਨੀ ਨੇ ਮੋਰਿੰਡਾ ਵਿਖੇ ਸੱਦੀ ਅਹਿਮ ਬੈਠਕ
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਸਮਰਥਕ ਆਗੂਆਂ ਦੀ ਮੋਰਿੰਡਾ ਸਥਿਤ ਰਿਹਾਇਸ਼ ‘ਤੇ ਅਹਿਮ ਮੀਟਿੰਗ ਬੁਲਾਈ। ਇਸ ਬੈਠਕ ਲਈ ਕਈ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹਲਕਾ ਪੱਧਰ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ। ਮੀਟਿੰਗ ਦੌਰਾਨ ਪਾਰਟੀ ਦੇ ਮੌਜੂਦਾ ਹਾਲਾਤ ਅਤੇ ਅਗਲੀ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕਈ ਸੀਨੀਅਰ ਆਗੂ ਬੈਠਕ ਵਿੱਚ ਹੋਏ ਸ਼ਾਮਲ
ਚੰਨੀ ਦੀ ਬੈਠਕ ਵਿੱਚ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਦਵਿੰਦਰ ਸਿੰਘ ਘੁਬਾਇਆ, ਇੰਦਰਬੀਰ ਸਿੰਘ ਬੁਲਾਰੀਆ, ਲਖਬੀਰ ਸਿੰਘ ਲੱਖਾ, ਤਰਸੇਮ ਸਿੰਘ ਡੀ.ਸੀ., ਦਰਸ਼ਨ ਸਿੰਘ ਬਰਾੜ, ਹਰਮਿੰਦਰ ਸਿੰਘ ਗਿੱਲ, ਮਦਨ ਲਾਲ ਜਲਾਲਪੁਰ, ਕਮਿੰਦਰ ਸਿੰਘ ਕੜਵਲਪੁਰ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਾਦਿਕ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ। ਖ਼ਬਰ ਲਿਖੇ ਜਾਣ ਤੱਕ ਹੋਰ ਆਗੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਸੀ।
ਸਲਾਹ-ਮਸ਼ਵਰੇ ਤੋਂ ਬਾਅਦ ਹੋ ਸਕਦਾ ਹੈ ਅਗਲਾ ਫ਼ੈਸਲਾ
ਸੂਤਰਾਂ ਮੁਤਾਬਕ ਚੰਨੀ ਆਪਣੇ ਸਮਰਥਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰ ਸਕਦੇ ਹਨ। ਬੈਠਕ ਵਿੱਚ ਸ਼ਾਮਲ ਸਾਬਕਾ ਵਿਧਾਇਕ ਦਰਸ਼ਨ ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸੂਬਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਪਾਰਟੀ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਸੀ।
ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਜਾਰੀ
ਪੰਜਾਬ ਕਾਂਗਰਸ ਵਿੱਚ ਸੂਬਾ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਕਈ ਦਿਨਾਂ ਤੋਂ ਅਟਕਲਾਂ ਲੱਗ ਰਹੀਆਂ ਸਨ। ਚਰਚਾ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਨਾਮ ‘ਤੇ ਵੀ ਵਿਚਾਰ ਹੋ ਰਿਹਾ ਹੈ, ਪਰ ਆਖ਼ਿਰਕਾਰ ਪਾਰਟੀ ਹਾਈਕਮਾਨ ਨੇ ਅਮਰਿੰਦਰ ਰਾਜਾ ਵੜਿੰਗ ਨੂੰ ਹੀ ਇਸ ਅਹੁਦੇ ‘ਤੇ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਪਾਰਟੀ ਅੰਦਰ ਸਿਆਸੀ ਗਤੀਵਿਧੀਆਂ ਵਿੱਚ ਤੇਜ਼ੀ ਆ ਗਈ ਹੈ।

